ਨਾਭਾ ''ਚ 3 ਵੱਖ-ਵੱਖ ਹਾਦਸਿਆਂ ਦੌਰਾਨ 6 ਲੋਕ ਗੰਭੀਰ ਜ਼ਖਮੀਂ
Saturday, Nov 28, 2020 - 05:02 PM (IST)
 
            
            ਨਾਭਾ (ਜੈਨ) : ਇੱਥੇ ਪਿਛਲੇ 24 ਘੰਟਿਆਂ ਦੌਰਾਨ 3 ਵੱਖ-ਵੱਖ ਸੜਕ ਹਾਦਸਿਆਂ ’ਚ 8 ਵਿਅਕਤੀ ਗੰਭੀਰ ਫੱਟੜ ਹੋ ਗਏ। ਥੂਹੀ ਚੌਂਕ ਵਿਖੇ ਰਾਤ ਦੇ ਹਨ੍ਹੇਰੇ ਕਾਰਣ ਇਕ ਮੋਟਰਸਾਈਕਲ ਦੀ ਅਚਾਨਕ ਆਵਾਰਾ ਪਸ਼ੂ ਨਾਲ ਟੱਕਰ ਹੋਣ ’ਤੇ 3 ਨੌਜਵਾਨ ਸੁਭਾਸ਼ ਚੰਦ, ਹਿਤੇਸ਼ ਕੁਮਾਰ ਅਤੇ ਸਵਰਨ ਸਿੰਘ ਫੱਟੜ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਇਸ ਹਾਦਸੇ ’ਚ ਪਸ਼ੂ ਵੀ ਫੱਟੜ ਹੋ ਗਿਆ।
ਇੰਝ ਹੀ ਦਲਵੀਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਦੇ ਮੋਟਰਸਾਈਕਲ ਨੂੰ ਬੌੜਾਂ ਕਲਾਂ ਪਿੰਡ ਲਾਗੇ ਕੈਂਟਰ ਦੇ ਅਣਪਛਾਤੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ, ਜਿਸ ’ਚ ਦਲਵੀਰ ਸਿੰਘ ਗੰਭੀਰ ਫੱਟੜ ਹੋ ਗਿਆ ਅਤੇ ਲੱਤ ਟੁੱਟ ਗਈ। ਥਾਣਾ ਸਦਰ ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਕ ਹੋਰ ਸੜਕ ਹਾਦਸਾ ਪੱਥਰਾਂ ਵਾਲੀ ਸੜਕ ’ਤੇ ਵਾਪਰਿਆ, ਜਿਸ ’ਚ ਦੋਪਹੀਆ ਵਾਹਨਾਂ ਦੀ ਸੜਕ ’ਤੇ ਪਏ ਰੇਤਾ-ਬੱਜਰੀ ਕਾਰਣ ਆਹਮਣੇ-ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ ’ਚ ਦੋਵੇਂ ਵਾਹਨਾਂ ’ਤੇ ਸਵਾਰ 4 ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ’ਚ ਇਕ ਬੀਬੀ ਰੇਸ਼ਮ ਕੌਰ ਵੀ ਸ਼ਾਮਲ ਹੈ। ਫੱਟੜਾਂ ਨੂੰ ਸਿਵਲ ਹਸਪਤਾਲ ਅਮਰਜੈਂਸੀ ਲਿਜਾਂਦਾ ਗਿਆ ਅਤੇ ਮੈਡੀਕਲ ਸਹਾਇਤਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਸੜਕਾਂ ’ਤੇ ਰੇਤਾ-ਬੱਜਰੀ ਦੇ ਥਾਂ-ਥਾਂ ਲੱਗੇ ਢੇਰਾਂ ਕਾਰਣ ਰੋਜ਼ਾਨਾ ਹਾਦਸੇ ਵਾਪਰਦੇ ਹਨ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            