ਨਸ਼ੇ ਦੇ ਕੇਸਾਂ ''ਚ 6 ਕਾਬੂ, 2 ਫਰਾਰ
Sunday, Jun 11, 2017 - 06:42 AM (IST)
ਮਲੋਟ/ਲੰਬੀ, (ਜੱਜ/ਜਟਾਣਾ)- ਏ. ਸੀ. ਪੀ. ਮਲੋਟ ਦੀਪਕ ਪਾਰਿਕ ਦੀ ਅਗਵਾਈ 'ਚ ਮਲੋਟ-ਲੰਬੀ ਪੁਲਸ ਵੱਲੋਂ ਵਿੱਢੀ ਮੁਹਿੰਮ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਕਾਬੂ ਕੀਤੇ ਗਏ, ਜਦਕਿ 2 ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ ।
ਸਪੈਸ਼ਲ ਟਾਸਕ ਫੋਰਸ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਕਿੱਲਿਆਂਵਾਲੀ ਕੋਲ ਗਸ਼ਤ ਦੌਰਾਨ ਜਦ ਇਕ ਮੋਟਰਸਾਈਕਲ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਤੇ ਸਵਾਰ ਦੋ ਵਿਅਕਤੀਆਂ ਕੋਲੋਂ 5500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਪਛਾਣ ਕਾਕਾ ਸਿੰਘ ਤੇ ਸੁਰਿੰਦਰ ਸਿੰਘ ਵਾਸੀਆਨ ਪਿੰਡ ਮਾਂਗੇਆਣਾ ਹਰਿਆਣਾ ਵਜੋਂ ਹੋਈ ਹੈ । ਇਸੇ ਤਰ੍ਹਾਂ ਇਕ ਹੋਰ ਕੇਸ 'ਚ ਚੌਕੀ ਇੰਚਾਰਜ ਕਿੱਲਿਆਂਵਾਲੀ ਗੁਰਦੀਪ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਪਿੰਡ ਫਤੂਹੀਵਾਲਾ ਕੋਲ ਇਕ ਹਾਂਡਾ ਸਿਟੀ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ 72 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ ਤਿੰਨ ਵਿਅਕਤੀਆਂ 'ਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਦੋ ਮੌਕੇ ਤੋਂ ਫਰਾਰ ਹੋ ਗਏ।
ਕਾਬੂ ਕੀਤੇ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਵਾਸੀ ਧੌਲਾ ਵਜੋਂ ਹੋਈ ਹੈ। ਤੀਜੇ ਕੇਸ 'ਚ ਥਾਣਾ ਸਦਰ ਮਲੋਟ ਪੁਲਸ ਦੇ ਏ. ਐੱਸ. ਆਈ. ਸੁਖਦੇਵ ਸਿੰਘ ਤੇ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸ਼ੂਗਰ ਮਿੱਲ ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਕੋਲ ਪੈਦਲ ਆ ਰਹੇ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 15-15 ਕਿਲੋ ਚੂਰ ਪੋਸਤ ਬਰਾਮਦ ਹੋਇਆ ਹੈ, ਜਿਨ੍ਹਾਂ ਦੀ ਪਛਾਣ ਨਿਸ਼ਾਨ ਸਿੰਘ ਤੇ ਸੁਖਵੰਤ ਸਿੰਘ ਵਜੋਂ ਹੋਈ ਹੈ।
ਇਕ ਹੋਰ ਕੇਸ 'ਚ ਥਾਣਾ ਸਿਟੀ ਪੁਲਸ ਮਲੋਟ ਦੇ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਪੈਦਲ ਆ ਰਹੇ ਇਕ ਨੌਜਵਾਨ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ । ਉਕਤ ਸਾਰੇ ਵਿਅਕਤੀਆਂ ਨੂੰ ਪੁਲਸ ਵੱਲੋਂ ਮੁਕੱਦਮੇ ਦਰਜ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ।
