6 ਸਮੱਗਲਰ ਗ੍ਰਿਫਤਾਰ, 4 ਕਾਰਾਂ ਤੇ ਨਾਜਾਇਜ਼ ਸ਼ਰਾਬ ਦੀਆਂ 1016 ਬੋਤਲਾਂ ਬਰਾਮਦ
Sunday, Mar 04, 2018 - 08:30 AM (IST)

ਪਟਿਆਲਾ (ਬਲਜਿੰਦਰ) - ਸੀ. ਆਈ. ਏ. ਸਟਾਫ ਨੇ 6 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚਾਰ ਗੱਡੀਆਂ ਅਤੇ ਸ਼ਰਾਬ ਦੀਆਂ 1016 ਬੋਤਲਾਂ ਬਰਾਮਦ ਕੀਤੀਆਂ ਹਨ। ਐੱਸ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਟੀਮਾਂ ਬਣਾ ਕੇ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਪਹਿਲੇ ਕੇਸ ਵਿਚ ਕੁਲਵਿੰਦਰ ਸਿੰਘ ਅਤੇ ਜਤਿੰਦਰ ਕੁਮਾਰ ਵਾਸੀ ਲੁਧਿਆਣਾ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਕਸਿਆਣਾ ਵਿਖੇ ਮੌਜੂਦ ਸਨ, ਜਿਥੇ ਉਕਤ ਵਿਅਕਤੀਆਂ ਨੂੰ ਜਦੋਂ ਕਾਰ ਵਿਚ ਆਉਂਦਿਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਤੋਂ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕੀਤੀਆਂ ਗਈਆਂ।
ਦੂਜੇ ਕੇਸ ਵਿਚ ਏ. ਐੱਸ. ਆਈ. ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਮੈਣ ਰੋਡ ਬੱਸ ਅੱਡਾ ਸ਼ੇਰਮਾਜਰਾ ਵਿਖੇ ਮੌਜੂਦ ਸਨ, ਜਿਥੇ ਮਿਲੀ ਸੂਚਨਾ ਦੇ ਆਧਾਰ 'ਤੇ ਜਦੋਂ ਅਮਰਜੀਤ ਸਿੰਘ ਵਾਸੀ ਪਿੰਡ ਸ਼ੇਰ ਮਾਜਰਾ ਦੇ ਘਰ 'ਤੇ ਰੇਡ ਕੀਤੀ ਗਈ ਤਾਂ ਉਹ ਮੌਕਾ ਪਾ ਕੇ ਭੱਜ ਗਿਆ ਅਤੇ ਜਦੋਂ ਉਸ ਦੇ ਘਰ ਵਿਚ ਖੜ੍ਹੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਸ਼ਰਾਬ ਦੀਆਂ 204 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜਿਸ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਤੀਜੇ ਕੇਸ ਵਿਚ ਏ. ਐੱਸ. ਆਈ. ਸੂਰਜ ਪ੍ਰਕਾਸ਼ ਪੁਲਸ ਪਾਰਟੀ ਸਮੇਤ ਸਨੌਰੀ ਅੱਡਾ ਵਿਖੇ ਮੌਜੂਦ ਸਨ ਤਾਂ, ਉਥੇ ਮਿਲੀ ਸੂਚਨਾ ਦੇ ਆਧਾਰ 'ਤੇ ਰਿੰਕੂ ਵਾਸੀ ਰੋੜੀਕੁੱਟ ਮੁਹੱਲਾ ਪਟਿਆਲਾ ਨੂੰ ਰਿਕਸ਼ਾ ਰੇਹੜੀ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਰੇਹੜੀ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 192 ਬੋਤਲਾਂ ਸ਼ਰਾਬ ਠੇਕਾ ਦੇਸੀ ਸੰਤਰਾ ਮਾਰਕਾ ਚੰਡੀਗੜ੍ਹ ਬਰਾਮਦ ਹੋਈਆਂ, ਜਿਸ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਚੌਥੇ ਕੇਸ ਵਿਚ ਹੌਲਦਾਰ ਸੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਸਰਵਿਸ ਰੋਡ ਓਵਰਬ੍ਰਿਜ ਬਹਾਦਰਗੜ੍ਹ ਸਾਹਮਣੇ ਗੁਰਮੀਤ ਸਿੰਘ ਡੈਂਟਿੰਗ-ਪੈਂਟਿੰਗ ਵਰਕਸ਼ਾਪ ਵਿਖੇ ਮੌਜੂਦ ਸਨ ਤਾਂ ਨਾਕਾਬੰਦੀ ਦੇ ਦੌਰਾਨ ਗਗਨਦੀਪ ਸਿੰਘ ਉਰਫ ਗੱਗੀ ਅਤੇ ਗੁਰਦੀਪ ਸਿੰਘ ਉਰਫ ਬੁੱਗਾ ਦੋਵੇਂ ਵਾਸੀ ਘਲੋਟੀ ਜ਼ਿਲਾ ਲੁਧਿਆਣਾ ਨੂੰ ਹੌਡਾਸਿਟੀ ਕਾਰ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 200 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ ਚੰਡੀਗੜ੍ਹ ਬਰਾਮਦ ਹੋਈਆਂ। ਦੋਵਾਂ ਖਿਲਾਫ ਥਾਣਾ ਸਦਰ ਪਟਿਆਲਾ ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੰਜਵੇਂ ਕੇਸ ਵਿਚ ਏ. ਐੱਸ. ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਨਾਭਾ ਰੋਡ ਟੀ. ਪੁਆਇਟ ਪਿੰਡ ਇੰਦਰਪੁਰਾ ਵਿਖੇ ਮੌਜੂਦ ਸੀ ਤਾਂ ਉਥੇ ਨਾਕਾਬੰਦੀ ਦੌਰਾਨ ਪ੍ਰਿਤਪਾਲ ਸਿੰਘ ਉਰਫ ਪਾਲ ਵਾਸੀ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਨੂੰ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਸ਼ਰਾਬ ਦੀਆਂ 180 ਬੋਤਲਾਂ ਬਰਾਮਦ ਹੋਈਆਂ। ਇਸ ਮਾਮਲੇ ਵਿਚ ਪ੍ਰਿਤਪਾਲ ਸਿੰਘ ਖਿਲਾਫ ਥਾਣਾ ਪਸਿਆਣਾ ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।