ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਮਾਮਲੇ ''ਚ 6 ਕਾਬੂ

Monday, Oct 30, 2017 - 07:39 AM (IST)

ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਮਾਮਲੇ ''ਚ 6 ਕਾਬੂ

ਕੋਟਕਪੂਰਾ  (ਨਰਿੰਦਰ, ਭਾਵਿਤ)  - ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਪੰਜਾਬ ਸਰਕਾਰ ਦੀ ਮਨਜ਼ੂਰਸ਼ੁਦਾ ਲਾਟਰੀ ਦੀ ਆੜ 'ਚ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਤੇ ਕਥਿਤ ਤੌਰ 'ਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਇਕ ਵਿਅਕਤੀ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਨਗਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੂੰ ਖਾਸ ਮੁਖਬਰ ਨੇ ਦੱਸਿਆ ਕਿ ਮਾਲ ਗੋਦਾਮ ਰੋਡ ਕੋਟਕਪੂਰਾ ਵਿਖੇ ਬਣੀਆਂ ਦੁਕਾਨਾਂ 'ਚੋਂ ਇਕ ਦੁਕਾਨ 'ਚ ਰਾਜੂ ਵਾਸੀ ਕੋਟਕਪੂਰਾ, ਸਤਵਿੰਦਰ ਸਿੰਘ ਵਾਸੀ ਪਿੰਡ ਬੱਲਮਗੜ੍ਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਅਜੈ ਕੁਮਾਰ, ਰਾਜ ਸਚਦੇਵਾ, ਰਾਜੀਵ ਕੁਮਾਰ ਤੇ ਸਤੀਸ਼ ਕੁਮਾਰ ਵਾਸੀਆਨ ਕੋਟਕਪੂਰਾ ਅਤੇ ਵਿਨੋਦ ਬਿੰਦ ਵਾਸੀ ਪਿੰਡ ਸੰਧਵਾਂ ਪੰਜਾਬ ਸਰਕਾਰ ਦੀ ਲਾਟਰੀ ਦੀ ਆੜ 'ਚ ਸੱਟਾ ਲਵਾਉਂਦੇ ਹਨ ਤੇ ਉਨ੍ਹਾਂ ਵੱਲੋਂ ਦੁਕਾਨ 'ਚ ਕੰਪਿਊਟਰ ਰੱਖ ਕੇ ਲੋਕਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਸਾਡੇ ਕੋਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਿਊਟਰ ਲਾਟਰੀ ਦਾ ਲਾਇਸੈਂਸ ਹੈ ਪਰ ਕੰਪਿਊਟਰ ਲਾਟਰੀ ਦੀ ਕੋਈ ਪਰਚੀ ਕੱਢ ਕੇ ਨਹੀਂ ਦਿੰਦੇ ਸਗੋਂ ਆਪਣੀ ਹੱਥ ਲਿਖਤ ਪਰਚੀ ਦਿੰਦੇ ਹਨ।
ਸੂਚਨਾ ਦੇ ਆਧਾਰ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 6 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 6 ਮੁਕੰਮਲ ਕੰਪਿਊਟਰ ਸੈੱਟ ਤੇ 26 ਹਜ਼ਾਰ 230 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ, ਜਦਕਿ 7ਵੇਂ ਮੁਲਜ਼ਮ ਰਾਜੂ ਵਾਸੀ ਸੁਰਗਾਪੁਰੀ ਦੀ ਭਾਲ ਜਾਰੀ ਹੈ। ਇਸ ਸਬੰਧੀ ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਫ਼ੜੇ ਗਏ 6 ਵਿਅਕਤੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ 'ਤੇ ਉਨ੍ਹਾਂ ਨੂੰ 10 ਨਵੰਬਰ ਤੱਕ ਜੇਲ ਭੇਜ ਦਿੱਤਾ ਗਿਆ ਹੈ।


Related News