PSEB ਵਲੋਂ 5ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 31 ਮਾਰਚ ਤਕ ਰੱਦ
Thursday, Mar 19, 2020 - 08:10 PM (IST)
ਲੁਧਿਆਣਾ, (ਵਿੱਕੀ)— ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ 20 ਤੋਂ 31 ਮਾਰਚ ਤਕ ਰਾਜ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸੇ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹੋਈਆਂ 5ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਾਲ ਸਕੂਲਾਂ ਵਿਚ ਚੱਲ ਰਹੀਆਂ ਹੋਰ ਕਲਾਸਾਂ ਦੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਵੀ 31 ਮਾਰਚ ਤਕ ਰੱਦ ਕਰ ਦਿੱਤਾ ਹੈ।
ਸੈਕਟਰੀ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲਾਂ 'ਚ ਪ੍ਰੀਖਿਆਵਾਂ ਕਾਰਨ ਬੱਚੇ ਇਕੱਠੇ ਹੁੰਦੇ ਹਨ, ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਜਿਨ੍ਹਾਂ ਕਲਾਸਾਂ ਦੀਆਂ ਪ੍ਰੀਖਿਆਵਾਂ ਹੋ ਗਈਆਂ ਹਨ, ਉਨ੍ਹਾਂ ਦੀਆਂ ਆਂਸਰਸ਼ੀਟਾਂ ਦਾ ਮੁੱਲਆਂਕਣ ਅਧਿਆਪਕ ਆਪਣੇ ਘਰਾਂ ਵਿਚ ਬੈਠ ਕੇ ਹੀ ਕਰਨਗੇ ਅਤੇ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦਾ ਪਾਲਣ ਕਰ ਕੇ ਕਾਰਜ ਕਰਦੇ ਰਹਿਣਗੇ। ਨਾਲ ਹੀ ਸਕੱਤਰ ਐਜੂਕੇਸ਼ਨ ਨੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਸੁਨੇਹੇ ਵਿਦਿਆਰਥੀਆਂ ਦੇ ਮਾਪਿਆਂ ਦੇ ਬਣੇ ਵੱਟਸਐਪ ਗਰੁੱਪਾਂ ਵਿਚ ਭੇਜਣਗੇ। ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਬੋਰਡ ਦੀਆਂ ਕਲਾਸਾਂ ਦੇ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਉਨ੍ਹਾਂ ਦੀਆਂ ਆਂਸਰਸ਼ੀਟਾਂ ਦਾ ਮੁੱਲਾਂਕਣ ਕਰਨ ਲਈ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲੱਗੀ ਹੈ, ਉਹ ਵੀ ਆਂਸਰਸ਼ੀਟਾਂ ਘਰ ਲਿਜਾ ਕੇ ਮੁੱਲਾਂਕਣ ਕਰਨਗੇ।