551ਵਾਂ ਪ੍ਰਕਾਸ਼ ਪੁਰਬ : ਬਾਬੇ ਦੇ ਰੰਗ ''ਚ ਰੰਗਿਆ ਡੇਰਾ ਬਾਬਾ ਨਾਨਕ
Sunday, Nov 29, 2020 - 08:11 PM (IST)
ਡੇਰਾ ਬਾਬਾ ਨਾਨਕ, (ਵਤਨ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ ਤਹਿਤ ਜਿਥੇ ਕਸਬੇ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਕਸਬੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਵੀ ਮੈਨੇਜਰ ਹਰਵਿੰਦਰ ਸਿੰਘ ਰੂਪੋਵਾਲੀ ਅਤੇ ਗੁਰਦੁਆਰਾ ਸ੍ਰੀ ਸੱਚਖੰਡ ਗੁਰੂ ਨਾਨਕ ਅਸਥਾਨ ਨੂੰ ਗੁਰੂ ਨਾਨਕ ਵੰਸ਼ਜ ਮਹੰਤ ਬਾਬਾ ਅਵਤਾਰ ਸਿੰਘ ਬੇਦੀ ਦੀ ਦੇਖ-ਰੇਖ ਵਿਚ ਖੂਬ ਸਜਾਇਆ ਗਿਆ ਹੈ, ਜਿਸ ਨਾਲ ਸਮੁੱਚਾ ਕਸਬਾ ਡੇਰਾ ਬਾਬਾ ਨਾਨਕ ਬਾਬੇ ਦੇ ਰੰਗ ਵਿਚ ਰੰਗਿਆ ਗਿਆ ਹੈ। ਪ੍ਰਸਾਸ਼ਨ ਵਲੋਂ ਕਸਬੇ ਦੇ ਮੇਨ ਬਜਾਰ ਅਤੇ ਹੋਰਨਾਂ ਮਹੱਤਵਪੂਰਨ ਸਥਾਨਾਂ ਤੇ ਸੁੰਦਰ ਲਾਈਆਂ ਲਗਾਈਆਂ ਗਈਆਂ ਹਨ ਤੇ ਕਸਬੇ ਦੇ ਮਹਾਰਾਜਾ ਰਣਜੀਤ ਸਿੰਘ ਚੌਂਕ ਨੂੰ ਵੀ ਖੂਬ ਸਜਾਇਆ ਗਿਆ ਹੈ, ਜੋ ਕਿ ਸੰਗਤ ਦੇ ਖਿੱਚ ਦਾ ਕੇਂਦਰ ਬਣ ਰਹੇ ਹਨ।
ਇਸ ਤੋਂ ਇਲਾਵਾ ਕਸਬੇ ਵਿਚ ਰਮਦਾਸ ਮਾਰਗ ਅਤੇ ਬਟਾਲਾ ਮਾਰਗ ’ਤੇ ਬਣੇ ਸਵਾਗਤੀ ਗੇਟਾਂ ਨੂੰ ਵੀ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ, ਜੋ ਕਸਬੇ ਦੀ ਦਿੱਖ ਨੂੰ ਨਿਹਾਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮਾਂ ਮੌਕੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪ੍ਰਸਾਸ਼ਨ ਕਸਬੇ ਨੂੰ ਚਮਕਾਉਣ ਵਿਚ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਮੁੱਖ ਮੰਤਰੀ ਵਲੋਂ ਕਸਬੇ ਦੀ ਹੈਰੀਟੇਜ ਸਟਰੀਟ ਦੇ ਵਰਚੂਅਲ ਤਰੀਕੇ ਨਾਲ ਕੀਤੇ ਜਾਣ ਵਾਲੇ ਉਦਘਾਟਨ ਦੀ ਖਬਰ ਸੁਣਦਿਆਂ ਹੀ ਕਸਬੇ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਨ੍ਹਾਂ ਤਿਆਰੀਆਂ ਵਿਚ ਪ੍ਰਸਾਸ਼ਨ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਬਾਜਵਾ, ਮਾਰਕੀਟ ਕਮੇਟੀ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੋਰਾਇਆ ਵਿਸੇਸ਼ ਤੌਰ ’ਤੇ ਯੋਗਦਾਨ ਪਾ ਰਹੇ ਹਨ।