ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)
Sunday, Nov 10, 2019 - 12:58 PM (IST)

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜਰ ਜਿੱਥੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਉੱਥੇ ਹੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲੀ ਗਈ ਹੈ। ਰੇਲਵੇ ਸ਼ਟੇਸ਼ਨ ਦਾ ਅੰਦਰੋਂ ਅਤੇ ਬਾਹਰੋਂ ਨਵ ਨਿਰਮਾਣ ਕਰਵਾਇਆ ਗਿਆ ਹੈ ਅਤੇ ਤਕਰੀਬਨ 23 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਨਵੀਨੀਕਰਨ ਅਤੇ ਨਵੇਂ ਬਣੇ ਗੁਰਕੀਰਤ ਭਵਨ ਨਾਲ ਰੇਲਵੇ ਸ਼ਟੇਸ਼ਨ ਦੀ ਸੁੰਦਰਤਾ ਨੂੰ ਚਾਰ ਚੰਨ ਲੱਗੇ ਹਨ। ਦੀਵਾਰਾਂ ਨੂੰ ਪੇਂਟ ਕਰਕੇ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ, ਜੋਕਿ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਰੇਲਵੇ ਸ਼ਟੇਸ਼ਨ ਨੂੰ ਧਾਰਮਿਕ ਦਿੱਖ ਦੇ ਕੇ ਸ਼ਰਧਾ ਦਾ ਪ੍ਰਤੀਕ ਬਣਾਇਆ ਗਿਆ ਹੈ ਅਤੇ ਦੋਵੇ ਪਾਸਿਓਂ ਓਵਰ ਬ੍ਰਿਜ ਅਤੇ ਦੋ ਅੰਡਰ ਬ੍ਰਿਜ ਬਣਾਏ ਗਏ ਹਨ।
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਕੌਮਾਂਤਰੀ ਪੱਧਰ ਦੇ ਗੁਰਮਤਿ ਸਮਾਗਮਾਂ 'ਚ ਹਿੱਸਾ ਲੈਣ ਅਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਰੇਲ ਵਿਭਾਗ ਵੱਲੋਂ ਵੱਖ ਵੱਖ ਸੂਬਿਆਂ ਤੋਂ ਨਵੀਆਂ ਰੇਲ ਗੱਡੀਆਂ ਲਗਾਈਆਂ ਗਈਆਂ ਹਨ। ਜਿਸ ਕਾਰਨ ਭਾਰੀ ਗਿਣਤੀ 'ਚ ਸ਼ਰਧਾਲੂ ਰੇਲ ਗੱਡੀਆਂ ਰਾਹੀਂ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ।
ਰੇਲਵੇ ਸ਼ਟੇਸ਼ਨ ਦੇ ਫਰੰਟ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਅਤੇ ਦੀਵਾਰਾਂ ਅਤੇ ਪੁਰਾਤਨ ਧਾਰਮਿਕ ਇਤਿਹਾਸ ਦੀ ਯਾਦ ਦਿਵਾਉਦੀਆਂ ਤਸਵੀਰਾਂ ਪੇਂਟਿੰਗ ਕਰਵਾ ਕੇ ਬਣਾਈਆਂ ਗਈਆਂ ਹਨ। ਸੰਗਤਾਂ ਤਸਵੀਰਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਜਾਣਕਾਰੀ ਹਾਸਲ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰੇਲਵੇ ਸ਼ਟੇਸ਼ਨ ਅਤੇ ਸਾਊਡ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।