ਸਿੱਧੂ ਤੇ ਪਰਗਟ ਸਿੰਘ ਦੀ ਦੋਸਤੀ 'ਚ ਪਈ ਦਰਾਰ (ਤਸਵੀਰਾਂ)
Saturday, Nov 09, 2019 - 06:54 PM (IST)

ਡੇਰਾ ਬਾਬਾ ਨਾਨਕ (ਰਮਨਦੀਪ ਸਿੰਘ ਸੋਢੀ)— ਸਿਆਸਤ 'ਚ ਉਂਝ ਤਾਂ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ, ਇਥੇ ਦੋਸਤੀਆਂ ਦੇ ਮਾਇਨੇ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਪਰਗਟ ਸਿੰਘ ਦੀ ਦੋਸਤੀ ਅਕਸਰ ਚਰਚਾ 'ਚ ਰਹੀ ਹੈ। ਦੋਵੇਂ ਅਕਸਰ ਇਕ-ਦੂਜੇ ਦੇ ਪੱਖ 'ਚ ਬੋਲਦੇ ਦਿਖਾਈ ਦਿੱਤੇ ਹਨ ਪਰ ਹੁਣ ਲੱਗਦਾ ਹੈ ਕਿ ਦੋਹਾਂ ਦੀ ਦੋਸਤੀ 'ਚ ਵੀ ਦਰਾਰ ਆ ਚੁੱਕੀ ਹੈ।
ਦਰਅਸਲ ਸ੍ਰੀ ਕਰਤਾਰਪੁਰ ਸਾਹਿਬ ਦੇ ਉਦਘਾਟਨੀ ਸਮਾਗਮ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਦੀ ਦੋਸਤੀ 'ਚ ਦੂਰੀ ਸਾਫ ਨਜ਼ਰ ਆਈ। ਪਰਗਟ ਸਿੰਘ ਜਿੱਥੇ ਦੂਜੇ ਟੇਬਲ 'ਤੇ ਬੈਠੇ ਦਿਖਾਈ ਦਿੱਤੇ, ਉੱਥੇ ਹੀ ਸਿੱਧੂ, 'ਆਪ' ਵਿਧਾਇਕ ਕੰਵਰ ਸੰਧੂ ਨਾਲ ਗੁਫਤਗੂ ਕਰਦੇ ਦਿਖਾਈ ਦਿੱਤੇ। ਆਪਣੇ ਪੁਰਾਣੇ ਦੋਸਤ ਅਤੇ ਕਾਂਗਰਸੀ ਵਿਧਾਇਕਾਂ ਨਾਲ ਬੈਠਣ ਦੀ ਥਾਂ ਸਿੱਧੂ ਨੇ 'ਆਪ' ਵਿਧਾਇਕ ਨਾਲ ਬੈਠਣ ਨੂੰ ਤਰਜੀਹ ਦਿੱਤੀ ਅਤੇ ਆਪਣੇ ਦੋਸਤ ਪਰਗਟ ਸਿੰਘ ਤੋਂ ਵੀ ਦੂਰੀ ਬਣਾਈ ਰੱਖੀ।
ਇਥੇ ਦੱਸ ਦੇਈਏ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਵਿਭਾਗ ਬਦਲੇ ਜਾਣ ਤੋਂ ਬਾਅਦ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਸਿੱਧੂ ਪਹਿਲੀ ਵਾਰ ਕਿਸੇ ਅਜਿਹੇ ਸਮਾਗਮ 'ਚ ਪਹੁੰਚੇ ਸਨ, ਜਿੱਥੇ ਕਾਂਗਰਸੀ ਵਿਧਾਇਕ ਮੌਜੂਦ ਸਨ। ਕਾਂਗਰਸੀ ਵਿਧਾਇਕਾਂ ਤੋਂ ਦੂਰ-ਦੂਰ ਰਹਿੰਦੇ ਹੋਏ ਸਿੱਧੂ ਦੀ ਨਾਰਾਜ਼ਗੀ ਸਾਫ ਝਲਕ ਰਹੀ ਸੀ।