550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸਿੱਖ ਸੰਪ੍ਰਦਾਵਾਂ ਦੀ ਸਲਾਹ ਨਾਲ ਕੀਤੇ ਜਾਣਗੇ : ਸੁਖਬੀਰ ਬਾਦਲ

08/31/2019 10:37:45 PM

ਅੰਮ੍ਰਿਤਸਰ,(ਛੀਨਾ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸਿੱਖ ਸੰਪ੍ਰਦਾਵਾਂ ਦੀ ਸਲਾਹ ਤੇ ਸ਼ਮੂਲੀਅਤ ਤੋਂ ਬਿਨਾਂ ਨਹੀਂ ਕੀਤੇ ਜਾਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ’ਚ ਸੰਤਾਂ-ਮਹਾਪੁਰਸ਼ਾਂ ਤੇ ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀਆਂ ਦੀ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀਆਂ ਮਹਾਨ ਸੰਪ੍ਰਦਾਵਾਂ ਦਾ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਇਨ੍ਹਾਂ ਸੰਪ੍ਰਦਾਵਾਂ ਨੇ ਚੁਣੌਤੀ ਭਰੇ ਸਮਿਆਂ ’ਚ ਪੰਥ ਦੀ ਚਡ਼੍ਹਦੀ ਕਲਾ ਲਈ ਵੱਡੀ ਭੂਮਿਕਾ ਨਿਭਾਈ ਹੈ। ਸ. ਬਾਦਲ ਨੇ ਕਿਹਾ ਕਿ 550 ਸਾਲਾ ਸ਼ਤਾਬਦੀ ਸਮਾਗਮਾਂ ’ਚ ਸਾਰੀਆਂ ਸੰਪ੍ਰਦਾਵਾਂ ਦਾ ਵਡਮੁੱਲਾ ਯੋਗਦਾਨ ਲੈਣ ਲਈ ਬਹੁਤ ਛੇਤੀ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ ਦੇ ਲਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਕੋਆਰਡੀਨੇਟਰ ਨਿਯੁਕਤ ਕਰ ਕੇ ਸਾਰੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਤ ਸੰਪ੍ਰਦਾਵਾਂ ਤਨ, ਮਨ ਤੇ ਧਨ ਨਾਲ ਸੇਵਾ ਕਰਨਗੀਆਂ ਅਤੇ ਪੂਰੇ ਉਤਸ਼ਾਹ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਵੀ ਕਰਨਗੀਆਂ।

ਇਸ ਸਮੇਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਨਿਰਮਲ ਮੰਡਲ ਦੇ ਮੁਖੀ ਬਾਬਾ ਤੇਜਾ ਸਿੰਘ, ਉਦਾਸੀ ਸੰਪ੍ਰਦਾਏ ਦੇ ਆਗੂ ਬਾਬਾ ਭੁਪਿੰਦਰ ਸਿੰਘ ਦੁਗਰੀ, ਬਾਬਾ ਤਜਿੰਦਰ ਸਿੰਘ ਨਾਨਕਸਰ ਕਲੇਰਾਂ ਵਾਲੇ, ਬਾਬਾ ਤੇਜਾ ਸਿੰਘ ਖੁੱਡਾ ਕੁਰਲਾ ਵਾਲੇ, ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ ਵਾਲੇ ਸੇਵਾ ਪੰਥੀ, ਮਹੰਤ ਈਸ਼ਵਰਾ ਨੰਦ ਜੀ, ਮਹੰਤ ਰਾਮ ਮੁਨੀ, ਮਹੰਤ ਦਿਗੰਬਰ ਮੁਨੀ, ਮਹੰਤ ਤਿਲਕ ਦਾਸ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਪਾਲ ਸਿੰਘ ਲੋਹੀਆਂ ਖਾਸ, ਸੰਤ ਸੁਖਵੰਤ ਸਿੰਘ ਨਾਹਲਾਂ ਵਾਲੇ, ਸੰਤ ਜੀਤ ਸਿੰਘ, ਭਾਈ ਸਤਨਾਮ ਸਿੰਘ ਕਿਲਾ ਅਨੰਦਗਡ਼੍ਹ ਸਾਹਿਬ, ਮਹੰਤ ਤੀਰਥ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ ਵਾਲੇ, ਬਾਬਾ ਬਲਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ, ਸੰਤ ਸੰਤੋਖ ਸਿੰਘ, ਮਹੰਤ ਗੁਰਵਿੰਦਰ ਸਿੰਘ, ਸੰਤ ਗੁਰਚਰਨ ਸਿੰਘ, ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ, ਭਾਈ ਜਗਜੀਤ ਸਿੰਘ ਟਰੱਸਟ ਬਡ਼ੂ ਸਾਹਿਬ, ਸੰਤ ਜਸਪਾਲ ਸਿੰਘ ਜੌਹਲਾਂ ਵਾਲੇ, ਬਾਬਾ ਸੁਬੇਗ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ, ਬਾਬਾ ਭੁਪਿੰਦਰ ਸਿੰਘ ਯੂ. ਕੇ. ਵਾਲੇ, ਬਾਬਾ ਮਨਮੋਹਨ ਸਿੰਘ ਭੰਗਾਲੀ, ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵਾਲੇ, ਸੰਤ ਦਰਸ਼ਨ ਸਿੰਘ ਸ਼ਾਸਤਰੀ ਤੇ ਹੋਰ ਵੀ ਬਹੁਤ ਸਾਰੇ ਸੰਤ-ਮਹਾਪੁਰਸ਼ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।


Related News