550ਵਾਂ ਪ੍ਰਕਾਸ਼ ਪੁਰਬ ਜਾਤ-ਪਾਤ ਤੇ ਊਚ-ਨੀਚ ਦੀਆਂ ਲੀਕਾਂ ਮੇਟਣ ਦਾ ਮੁਕਦਸ ਮੌਕਾ : ਮਨਪ੍ਰੀਤ

11/11/2019 6:38:31 PM

ਸੁਲਤਾਨਪੁਰ ਲੋਧੀ (ਧੀਰ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਅੱਜ ਮੁੱਖ ਪੰਡਾਲ 'ਗੁਰੂ ਨਾਨਕ ਦਰਬਾਰ' ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਨ੍ਹਾਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁਕੱਦਸ ਦਿਹਾੜੇ ਦੀ ਸੰਗਤ ਨੂੰ ਮੁਬਾਰਕਬਾਦ ਦਿੰਦੇ ਹੋਏ ਬਾਬੇ ਨਾਨਕ ਦੇ ਸਿਧਾਤਾਂ 'ਤੇ ਚੱਲ ਕੇ ਸਮਾਜ 'ਚੋਂ ਭ੍ਰਿਸ਼ਟਾਚਾਰ, ਅੱਤਿਆਚਾਰ, ਗੁਰਬਤ ਜਿਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ ਪਤਵੰਤਿਆਂ ਨੇ ਵੀ ਮੁੱਖ ਪੰਡਾਲ 'ਚ ਹਾਜ਼ਰੀ ਭਰੀ।

ਇਸ ਮੁਬਾਰਕ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਿਰਫ ਪੰਜਾਬ ਦੀ ਧਰਤੀ 'ਤੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦੁਨੀਆਂ 'ਤੇ ਨਾ ਆਉਂਦੇ ਤਾਂ ਸ਼ਾਇਦ ਇਨਸਾਨੀਅਤ ਅਧੂਰੀ ਰਹਿ ਜਾਂਦੀ। ਉਨ੍ਹਾਂ ਦੇ ਆਗਮਨ ਨਾਲ ਸਮਾਜ 'ਚ ਇਖਲਾਕੀ ਕਦਰਾਂ-ਕੀਮਤਾਂ ਪ੍ਰਫੁਲਤ ਹੋਈਆਂ ਤੇ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨ੍ਹਾਂ ਕਿਹਾ ਕਿ ਦੱਬੇ-ਕੁਚਲੇ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਉਚਾ ਚੁੱਕ ਕੇ ਸਮਾਜ 'ਚ ਜੁਰਮ ਦਾ ਖਾਤਮਾ ਕਰਨਾ ਹੀ ਗੁਰੂ ਸਾਹਿਬ ਦਾ ਪੈਗਾਮ ਹੈ, ਜਿਸ ਨੂੰ ਹਰ ਧਰਮ ਦੇ ਲੋਕਾਂ ਵੱਲੋਂ ਕਬੂਲਿਆ ਗਿਆ ਹੈ। ਉਨ੍ਹਾਂ ਨਵੀਂ ਪੀੜੀ ਨੂੰ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੰੰਦੇਸ਼ ਨੂੰ ਦਿਲੋਂ ਅਪਣਾਉਣ ਅਤੇ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣ ਲਈ ਪ੍ਰੇਰਿਆ।

ਉਨ੍ਹਾਂ ਆਖਿਆ ਕਿ 20ਵੀਂ ਸਦੀ 'ਚ ਪੰਜਾਬ ਨੇ ਬਹੁਤ ਕੁਝ ਗਵਾਇਆ, ਸਾਡੇ ਤੋਂ ਬਹੁਤ ਅਜ਼ੀਜ਼ ਅਸਥਾਨ ਤੇ ਹੋਰ ਵਿਲੱਖਣ ਚੀਜ਼ਾਂ ਖੁੱਸ ਗਈਆਂ ਪਰ 21ਵੀਂ ਸਦੀ ਜੋੜਨ ਵਾਲੀ ਸਦੀ ਹੈ, ਜਿਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲਣ ਜਿਹੇ ਮੁਬਾਰਕ ਮੌਕੇ ਤੋਂ ਮਿਲਦੀ ਹੈ। ਇਹ ਦਿਨ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੀ, ਜੋ ਆਖਰ ਬਾਬੇ ਨਾਨਕ ਦੀ ਮਿਹਰ ਨਾਲ ਪ੍ਰਕਾਸ਼ ਦਿਹਾੜੇ ਮੌਕੇ ਸੰਪੂਰਨ ਹੋ ਗਿਆ ਹੈ, ਜਿਸ ਲਈ ਸਾਰੀ ਸੰਗਤ ਵਧਾਈ ਦੀ ਪਾਤਰ ਹੈ।


Gurminder Singh

Content Editor

Related News