ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 549ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Jan 18, 2020 - 06:04 PM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 549ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਜੁਗਿੰਦਰ ਸੰਧੂ): ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪਿੰਡਾਂ 'ਤੇ ਹਰ ਵੇਲੇ ਖ਼ਤਰੇ ਦੇ ਬੱਦਲ ਛਾਏ ਰਹਿੰਦੇ ਹਨ। ਇਹ ਪਿੰਡ  ਅਕਸਰ ਸਰਹੱਦ ਪਾਰ ਤੋਂ ਆਉਣ ਵਾਲੇ ਅੱਤਵਾਦੀਆਂ ਅਤੇ ਗੋਲੀਬਾਰੀ ਦਾ ਨਿਸ਼ਾਨਾ ਬਣਦੇ ਹਨ, ਜਿਸ ਕਾਰਣ ਅਤੀਤ ਵਿਚ ਇਥੇ ਰਹਿਣ ਵਾਲੇ ਪਰਿਵਾਰਾਂ ਨੂੰ ਭਾਰੀ ਨੁਕਸਾਨ ਸਹਿਣ ਕਰਨਾ ਪਿਆ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਆਪਣੇ ਕੰਮ-ਧੰਦਿਆਂ ਵਿਚ ਵੱਡੀ ਮੁਸ਼ਕਲ ਆਉਂਦੀ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ।

ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਮੁਹਿੰਮ ਅਧੀਨ ਪਿਛਲੇ ਦਿਨੀਂ 549ਵੇਂ ਟਰੱਕ ਦੀ ਰਾਹਤ ਸਮੱਗਰੀ ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ  ਸਮੱਗਰੀ ਦਾ ਯੋਗਦਾਨ ਸ਼੍ਰੀ ਜਗਦੰਬਾ ਆਸ਼ਰਮ ਅੰਧ ਵਿਦਿਆਲਿਆ ਸਮਿਤੀ ਸ਼੍ਰੀ ਗੰਗਾਨਗਰ ਅਤੇ ਡਾ. ਹਰੀਚੰਦ ਪਿੰਗਲਾ ਆਸ਼ਰਮ ਸਮਾਣਾ ਦੇ ਉੱਦਮ ਸਦਕਾ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਜਗਦੰਬਾ ਆਸ਼ਰਮ ਦੇ ਪਰਮਹੰਸ ਸੁਆਮੀ ਬ੍ਰਹਮ ਦੇਵ ਜੀ ਮਹਾਰਾਜ ਦਾ ਵਿਸ਼ੇਸ਼ ਆਸ਼ੀਰਵਾਦ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਮੁੱਖ ਸੇਵਕ ਸ਼੍ਰੀ ਸੀਤਾ ਰਾਮ ਗੁਪਤਾ, ਰਮਨ ਗੁਪਤਾ, ਸ਼ਸ਼ੀ ਗੁਪਤਾ, ਡੌਲੀ ਗੁਪਤਾ, ਅਕਸ਼ਿਤ, ਗੀਤਾਂਸ਼ ਅਤੇ ਸ਼੍ਰੀ ਸ਼ਾਮ ਲਾਲ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਰਜਾਈਆਂ, 300 ਕੰਬਲ, 100 ਥੈਲੀ ਆਟਾ, 200 ਥੈਲੀ ਚਾਵਲ (ਪ੍ਰਤੀ ਥੈਲੀ 10 ਕਿੱਲੋ) ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ, ਬ੍ਰਾਹਮਣ ਸਭਾ ਮੁਕੇਰੀਆਂ ਦੇ ਪ੍ਰਧਾਨ ਸ਼੍ਰੀ ਰਾਮ ਤਿਲਕ ਲੁਭਾਇਆ, ਸਭਾ ਦੇ ਜਨਰਲ ਸਕੱਤਰ ਸ਼੍ਰੀ ਵਿਪਨ ਸ਼ਰਮਾ, ਸਤੀਸ਼ ਕੁਮਾਰ, ਕਮਲ ਸਾਗਰ ਮਹਿਤਾ, ਪੰਡਤ ਦੇਸ ਰਾਜ, ਮੰਗਤ ਰਾਏ ਸ਼ਾਰਦਾ, ਰਾਜਨ ਸ਼ਰਮਾ, ਸੁਮੇਸ਼ ਸ਼ਰਮਾ, ਕੇਸ਼ਵ ਸ਼ਰਮਾ, ਰਾਜ ਸਿੰਘ ਅਤੇ ਸਤਨਾਮ ਸਿੰਘ ਵੀ ਸ਼ਾਮਲ ਸਨ।


author

Shyna

Content Editor

Related News