ਭਾਰਤ-ਪਾਕਿ ਜੰਗਾਂ ਦੀ ਗਵਾਹੀ ਭਰਦੀਆਂ ਸੁੰਦਰਬਨੀ ਦੀਆਂ ਪਹਾੜੀਆਂ
Saturday, Apr 06, 2019 - 04:06 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਭਾਰਤ ਅਤੇ ਪਾਕਿਸਤਾਨ ਦਰਮਿਆਨ 1965 ਅਤੇ 1971 ਵਿਚ ਹੋਈਆਂ ਜੰਗਾਂ ਦੌਰਾਨ ਭਾਰਤੀ ਸੈਨਿਕਾਂ ਦਾ ਬਹੁਤ ਸਾਰਾ ਖੂਨ ਸੁੰਦਰਬਨੀ ਦੀਆਂ ਪਹਾੜੀਆਂ 'ਤੇ ਵੀ ਡੁੱਲ੍ਹਿਆ ਸੀ। ਇਲਾਕੇ ਨਾਲ ਸਬੰਧਤ ਵੱਡੀ ਉਮਰ ਦੇ ਲੋਕ ਅੱਜ ਵੀ ਉਨ੍ਹਾਂ ਲੜਾਈਆਂ ਦਾ ਜ਼ਿਕਰ ਕਰਦੇ ਹਨ ਤਾਂ ਭਾਰਤੀ ਸੈਨਿਕਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦਿਆਂ ਉਹ ਜੋਸ਼ ਨਾਲ ਭਰ ਜਾਂਦੇ ਹਨ।
ਇਨ੍ਹਾਂ ਪਹਾੜੀਆਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਜਿਸ ਵਿਚ ਦੁਸ਼ਮਣ ਲਈ ਨਿਸ਼ਾਨਾ ਸਾਧਣਾ ਮੁਕਾਬਲਤਨ ਸੌਖਾ ਸੀ। ਇਕ ਮੌਕੇ ਪਾਕਿਸਤਾਨੀ ਫੌਜ ਨੇ 1971 ਦੀ ਜੰਗ ਵਿਚ ਅਜਿਹੀ ਵਿਉਂਤਬੰਦੀ ਬਣਾਈ ਸੀ ਕਿ ਉਸ ਨੇ ਸੁੰਦਰਬਨੀ ਦੇ ਇਸ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਬਹੁਤ ਜ਼ਬਰਦਸਤ ਹਮਲਾ ਕੀਤਾ। ਭਾਰਤੀ ਸੈਨਿਕਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਸ਼ਹਾਦਤ ਦਾ ਜਾਮ ਤਾਂ ਪੀ ਲਿਆ ਪਰ ਦੁਸ਼ਮਣ ਨੂੰ ਇਕ ਇੰਚ ਵੀ ਅੱਗੇ ਨਹੀਂ ਵਧਣ ਦਿੱਤਾ। ਭਾਰਤੀ ਯੋਧਿਆਂ ਵਲੋਂ ਦਿੱਤੀ ਉਸ ਸ਼ਹਾਦਤ ਦੀ ਗਵਾਹੀ ਅੱਜ ਵੀ ਸੁੰਦਰਬਨੀ ਦੀਆਂ ਪਹਾੜੀਆਂ ਭਰਦੀਆਂ ਹਨ।
ਅੱਜ ਇਸ ਖੇਤਰ ਵਿਚ ਜਿੱਥੇ ਭਾਰਤੀ ਸੁਰੱਖਿਆ ਬਲਾਂ ਦੇ ਜਵਾਨ ਦੁਸ਼ਮਣ ਦੀ ਹਰ ਹਰਕਤ ਦਾ ਜੁਆਬ ਦੇਣ ਲਈ ਜਾਨ ਤਲੀ 'ਤੇ ਧਰ ਕੇ ਬੈਠੇ ਹਨ, ਉਥੇ ਸਰਹੱਦੀ ਪਿੰਡਾਂ ਦੇ ਲੋਕ ਵੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੇ ਖਤਰੇ ਦਾ ਸਾਹਮਣਾ ਕਰਦੇ ਹੋਏ ਆਪਣੇ ਘਰਾਂ 'ਚ ਡਟੇ ਬੈਠੇ ਹਨ। ਸੁੰਦਰਬਨੀ ਨਾਲ ਸਬੰਧਤ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਦਰਮਿਆਨ ਹੀ ਪਿਛਲੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਭਿਜਵਾਈ ਗਈ 504ਵੇਂ ਟਰੱਕ ਦੀ ਸਮੱਗਰੀ ਵੰਡੀ ਗਈ ਸੀ।
ਭਜਵਾਲ ਪੰਚਾਇਤ ਅਧੀਨ ਆਉਂਦੇ ਪਿੰਡ ਬਨਪੁਰੀ 'ਚ ਵੰਡੀ ਗਈ ਇਹ ਰਾਹਤ ਸਮੱਗਰੀ ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ (ਰਜਿ.) ਗੜ੍ਹਾ ਰੋਡ, ਜਲੰਧਰ ਵਲੋਂ ਭਿਜਵਾਈ ਗਈ ਸੀ। ਇਸ ਮੌਕੇ 'ਤੇ 300 ਪਰਿਵਾਰਾਂ ਨੂੰ ਆਟਾ, ਚਾਵਲ, ਦਾਲਾਂ ਅਤੇ ਕੰਬਲ ਮੁਹੱਈਆ ਕਰਵਾਏ ਗਏ।
ਰਾਹਤ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਇਲਾਕੇ ਦੇ ਸਮਾਜ ਸੇਵੀ ਸੁਸ਼ੀਲ ਸੂਦਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਨਾਲ ਸਬੰਧਤ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਨਿੱਤ-ਦਿਨ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ, ਜਿਸ ਨਾਲ ਨਾ ਸਿਰਫ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ, ਸਗੋਂ ਉਨ੍ਹਾਂ ਦੇ ਕੰਮਕਾਰ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਭਿਜਵਾਈ ਗਈ ਰਾਹਤ ਨਾਲ ਸਰਹੱਦੀ ਪਰਿਵਾਰਾਂ ਨੂੰ ਬਹੁਤ ਵੱਡਾ ਹੌਸਲਾ ਮਿਲਿਆ ਹੈ।
ਦੇਸ਼ ਦੀ ਰਾਖੀ ਲਈ ਇਕਜੁੱਟਤਾ ਦੀ ਲੋੜ–ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਖੀ ਲਈ ਸਾਨੂੰ ਧਰਮ, ਜਾਤੀ, ਫਿਰਕੇ ਆਦਿ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਅੰਦਰੂਨੀ ਜਾਂ ਬਾਹਰੀ ਵੱਕਾਰ ਦਾ ਸਵਾਲ ਹੋਵੇ ਤਾਂ ਪਾਰਟੀਬਾਜ਼ੀ ਨੂੰ ਵੀ ਪਿੱਛੇ ਛੱਡ ਕੇ ਦੇਸ਼-ਹਿੱਤਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ। ਦੁਸ਼ਮਣ ਅੰਦਰੂਨੀ ਹੋਵੇ ਜਾਂ ਬਾਹਰੀ, ਉਸ ਦਾ ਹਰ ਮੁਹਾਜ 'ਤੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਕਈ ਦਹਾਕਿਆਂ ਤੋਂ ਭਾਰਤੀ ਖੇਤਰਾਂ ਵਿਚ ਗੜਬੜ ਫੈਲਾਉਣ ਦੇ ਹੱਥਕੰਡੇ ਅਪਣਾ ਰਿਹਾ ਹੈ ਪਰ ਉਸ ਦੇ ਨਾਪਾਕ ਇਰਾਦੇ ਕਦੇ ਵੀ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਜਿਹੜੇ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਦੀ ਇਹ ਮੁਹਿੰਮ ਹੋਰ ਤੇਜ਼ੀ ਨਾਲ ਜਾਰੀ ਰੱਖੀ ਜਾਵੇਗੀ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਆਲੋਕਨਾਥ ਸੂਦਨ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਵੀ ਆਪਣੇ ਸੁਆਰਥਾਂ ਦੀ ਪੂਰਤੀ ਲਈ ਇਸ ਸੂਬੇ 'ਚ ਸਮੱਸਿਆਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਵਲੋਂ ਸੱਤਾ ਹਥਿਆਉਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ, ਜਿਸ ਕਾਰਨ ਉਹ ਦੇਸ਼ ਦੇ ਵੱਕਾਰ ਨੂੰ ਢਾਹ ਲਾਉਣ ਤੋਂ ਵੀ ਬਾਜ਼ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੁਆਰਥੀ ਸਿਆਸੀ ਨੇਤਾਵਾਂ ਕਾਰਨ ਨਾ ਸਿਰਫ ਮਾਹੌਲ ਖਰਾਬ ਹੋ ਰਿਹਾ ਹੈ, ਸਗੋਂ ਕੁਝ ਲੋਕ ਵੀ ਗੁੰਮਰਾਹ ਹੋ ਰਹੇ ਹਨ।
ਸ਼੍ਰੀ ਸੂਦਨ ਨੇ ਕਿਹਾ ਕਿ ਜਦੋਂ ਤਕ ਨੇਤਾ ਲੋਕ ਆਪਣੀ ਸੌੜੀ ਸੋਚ ਨਹੀਂ ਤਿਆਗਦੇ, ਉਦੋਂ ਤਕ ਇਸ ਸੂਬੇ ਦਾ ਮਾਹੌਲ ਠੀਕ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅੱਤਵਾਦ ਨੂੰ ਨੱਥ ਪਾਉਣ ਲਈ ਸਭ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਧਰਤੀ ਮਾਤਾ ਨੂੰ ਪਿਆਰ ਕਰਦੇ ਹਨ ਲੋਕ–ਪ੍ਰੋਮਿਲਾ ਅਰੋੜਾ
ਸਮਾਜ ਸੇਵਿਕਾ ਸ਼੍ਰੀਮਤੀ ਪ੍ਰੋਮਿਲਾ ਅਰੋੜਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਪਿੰਡਾਂ 'ਚ ਬੈਠੇ ਲੋਕ ਭਾਵੇਂ ਪਾਕਿਸਤਾਨੀ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਹਨ ਪਰ ਉਨ੍ਹਾਂ ਦੇ ਚਿਹਰਿਆਂ 'ਤੇ ਡਰ ਵਰਗਾ ਕੋਈ ਭਾਵ ਨਹੀਂ ਕਿਉਂਕਿ ਉਹ ਆਪਣੀ ਮਿੱਟੀ ਨੂੰ ਮੋਹ ਕਰਦੇ ਹਨ। ਧਰਤੀ ਮਾਤਾ ਦੇ ਪਿਆਰ ਸਦਕਾ ਹੀ ਇਹ ਲੋਕ ਖਤਰੇ ਅਤੇ ਸੰਕਟ ਦੇ ਬਾਵਜੂਦ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਜਾਂਦੇ। ਇਨ੍ਹਾਂ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।
ਸ਼੍ਰੀਮਤੀ ਅਰੋੜਾ ਨੇ ਇਹ ਵੀ ਕਿਹਾ ਕਿ ਸਮਾਜ ਵਿਚ ਔਰਤ ਦਾ ਸਤਿਕਾਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਅੱਜ ਲੜਕੀਆਂ ਕਿਸੇ ਖੇਤਰ 'ਚ ਵੀ ਲੜਕਿਆਂ ਤੋਂ ਪਿੱਛੇ ਨਹੀਂ, ਇਸ ਲਈ ਉਨ੍ਹਾਂ ਨੂੰ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ।
ਸ਼੍ਰੀਮਤੀ ਡੌਲੀ ਹਾਂਡਾ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਰਹੱਦੀ ਖੇਤਰਾਂ 'ਚ ਔਰਤਾਂ ਵੀ ਮਰਦਾਂ ਦੇ ਬਰਾਬਰ ਹੀ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ, ਇਸ ਲਈ ਔਰਤਾਂ ਨੂੰ ਵੀ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ।
ਪਿੰਡ ਭਜਵਾਲ ਦੇ ਸਰਪੰਚ ਅਰੁਣ ਸ਼ਰਮਾ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪੀੜਤ ਪਰਿਵਾਰਾਂ ਦੀ ਮਦਦ ਕਰ ਕੇ ਮਹਾਨ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤਰ ਦੇ ਜੋ ਲੋਕ ਅਜੇ ਵੀ ਇਸ ਸਹਾਇਤਾ ਤੋਂ ਵਾਂਝੇ ਹਨ, ਉਨ੍ਹਾਂ ਲਈ ਵੀ ਰਾਹਤ ਭਿਜਵਾਈ ਜਾਵੇ।
ਇਸ ਮੌਕੇ 'ਤੇ ਰਜਿੰਦਰ ਸ਼ਰਮਾ (ਭੋਲਾ ਜੀ), ਸਰਪੰਚ ਰੌਸ਼ਨ ਲਾਲ, ਸਰਪੰਚ ਅਨਿਲ ਕੁਮਾਰ ਅਤੇ ਸਰਪੰਚ ਮੋਹਨ ਸਿੰਘ ਖਾਲਸਾ ਵੀ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਅੰਬ ਖੋੜੀ, ਬਾਜਾਬਾਈ, ਢੇਰੀ, ਕਾਂਗੜੀ, ਟਾਂਡਾ, ਭਜਵਾਲ ਅਤੇ ਬਨਪੁਰੀ ਆਦਿ ਪਿੰਡਾਂ ਨਾਲ ਸਬੰਧਤ ਸਨ।