ਸੋਸ਼ਲ ਮੀਡੀਆ ''ਤੇ ਮੁੱਖ ਮੰਤਰੀ ਨੂੰ ਇਕੋ ਦਿਨ ਮਿਲੇ 500 ਸੁਝਾਅ ਅਤੇ ਸ਼ਿਕਾਇਤਾਂ

Wednesday, Aug 02, 2017 - 06:38 AM (IST)

ਸੋਸ਼ਲ ਮੀਡੀਆ ''ਤੇ ਮੁੱਖ ਮੰਤਰੀ ਨੂੰ ਇਕੋ ਦਿਨ ਮਿਲੇ 500 ਸੁਝਾਅ ਅਤੇ ਸ਼ਿਕਾਇਤਾਂ

ਫਰੀਦਕੋਟ (ਹਾਲੀ) - ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਆਪਣੀ ਆਈ. ਡੀ. 'ਤੇ ਆਪਣੀ ਮਾਤਾ ਮਹਿੰਦਰ ਕੌਰ ਬਾਰੇ ਪਾਈ ਜਜ਼ਬਾਤੀ ਅਤੇ ਭਾਵਨਾਤਮਿਕ ਪੋਸਟ ਦੇ ਜਵਾਬ 'ਚ ਪੰਜਾਬ ਭਰ 'ਚੋਂ ਸੈਂਕੜੇ ਲੋਕਾਂ ਦੀਆਂ ਜਜ਼ਬਾਤੀ ਟਿੱਪਣੀਆਂ ਅਤੇ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਟਿੱਪਣੀਆਂ 'ਚ ਬਹੁਤੇ ਲੋਕਾਂ ਨੇ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰ ਕੇ ਆਪਣੀ ਮਾਤਾ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ।ਜਾਣਕਾਰੀ ਅਨੁਸਾਰ ਇਸ ਪੋਸਟ 'ਚ ਨਸ਼ਿਆਂ ਦੀ ਰੋਕਥਾਮ ਦੀ ਅਪੀਲ ਕਰਨ ਵਾਲੀ ਟਿੱਪਣੀ ਕਰਨ ਵਾਲਿਆਂ 'ਚ ਚੋਟੀ ਦੇ ਕਾਂਗਰਸੀ ਆਗੂ ਵੀ ਸ਼ਾਮਲ ਹਨ। ਸੀਨੀਅਰ ਕਾਂਗਰਸੀ ਆਗੂ ਚਮਕੌਰ ਸਿੰਘ ਸੇਖੋਂ ਨੇ ਆਪਣੀ ਟਿੱਪਣੀ 'ਚ ਮੁੱਖ ਮੰਤਰੀ ਨੂੰ ਨਸ਼ਿਆਂ ਖ਼ਿਲਾਫ਼ ਸਖ਼ਤੀ ਵਰਤਣ ਦਾ ਸੁਝਾਅ ਦਿੱਤਾ ਹੈ। ਹਤਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਨਸ਼ਿਆਂ ਦੇ ਨਾਲ-ਨਾਲ ਭ੍ਰਿਸ਼ਟਾਚਾਰ 'ਤੇ ਵੀ ਨੱਥ ਪਾਉਣ ਦੀ ਮੰਗ ਕੀਤੀ ਹੈ। ਸੰਦੀਪ ਪਾਲ ਸਿੰਘ ਨੇ ਮੁੱਖ ਮੰਤਰੀ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਮਾਤਾ ਨੂੰ ਸੱਚੀ ਸ਼ਰਧਾਂਜਲੀ ਵਜੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਬਿਨਾਂ ਦੇਰੀ ਪੂਰੇ ਕਰਨ।
ਜੀਤ ਸਿੰਘ ਢਿੱਲੋਂ ਨੇ 4 ਹਫ਼ਤਿਆਂ 'ਚ ਨਸ਼ਾ ਬੰਦ ਨਾ ਹੋਣ ਦੇ ਰੋਸ ਵਜੋਂ ਕੈਪਟਨ ਸਾਹਿਬ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ। ਨਰਪਿੰਦਰ ਸਿੰਘ ਧਾਲੀਵਾਲ ਨੇ ਨਸ਼ਿਆਂ ਕਾਰਨ ਪੰਜਾਬ ਦੀ ਹੋ ਰਹੀ ਬਰਬਾਦੀਬਾਰੇ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਹੈ। ਗੁਰਬਿੰਦਰ ਸਿੰਘ ਸੰਧੂ ਨੇ ਆਪਣੇ ਪਿੰਡ ਵਿਚ ਨਸ਼ਿਆਂ ਦੀ ਸਮੱਗਲਿੰਗ ਰੋਕਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਤੋਂ ਨਿੱਜੀ ਤੌਰ 'ਤੇ ਮਿਲਣ ਦਾ ਸਮਾਂ ਮੰਗਿਆ ਹੈ।ਇਨ੍ਹਾਂ ਟਿੱਪਣੀਆਂ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਫ਼ੈਸਲਾ ਲਿਆ ਹੈ ਕਿ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਨੂੰ ਮਿਲੇ ਸ਼ੋਕ ਸੰਦੇਸ਼, ਸੁਝਾਅ, ਰੋਸ ਅਤੇ ਸ਼ਿਕਾਇਤਾਂ ਬਾਰੇ ਸਬੰਧਤ ਵਿਅਕਤੀਆਂ ਨੂੰ ਵਿਸ਼ੇਸ਼ ਪੱਤਰ ਲਿਖਿਆ ਜਾਵੇਗਾ ਅਤੇ ਇਹ ਪੱਤਰ ਤਿਆਰ ਵੀ ਕਰ ਲਿਆ ਗਿਆ ਹੈ।ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਨੂੰ ਭੇਜੇ ਗਏ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਹੜੇ ਸੁਝਾਵਾਂ ਵਿਚ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਉਨ੍ਹਾਂ ਬਾਰੇ ਮੁੱਖ ਮੰਤਰੀ ਦਫ਼ਤਰ ਕੋਈ ਪ੍ਰਤੀਕਿਰਿਆ ਨਹੀਂ ਦੇਵੇਗਾ, ਸਗੋਂ ਉਸਾਰੂ ਆਲੋਚਨਾ ਅਤੇ ਜਾਇਜ਼ ਰੋਸਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਮੁੱਖ ਮੰਤਰੀ ਦਫ਼ਤਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਟੀਮ ਦੇ ਮੈਂਬਰ ਬਲਕਰਨ ਸਿੰਘ ਨੰਗਲ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਨੂੰ ਮਿਲੇ ਸੁਝਾਵਾਂ ਦੀ ਪੁਸ਼ਟੀ ਕੀਤੀ ਹੈ।   ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ।


Related News