ਮੋਬਾਇਲ ਖੋਹਣ ਵਾਲੇ ਇਕ ਵਿਅਕਤੀ ਨੂੰ 5 ਸਾਲ ਦੀ ਕੈਦ, ਦੂਜਾ ਬਰੀ

Thursday, Sep 05, 2024 - 02:27 PM (IST)

ਮੋਬਾਇਲ ਖੋਹਣ ਵਾਲੇ ਇਕ ਵਿਅਕਤੀ ਨੂੰ 5 ਸਾਲ ਦੀ ਕੈਦ, ਦੂਜਾ ਬਰੀ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਝਪਟਮਾਰੀ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਦੀ ਪਛਾਣ ਦਲੀਪ ਕੁਮਾਰ ਵਾਸੀ ਮੋਹਾਲੀ ਵਜੋਂ ਹੋਈ ਹੈ। ਕਰੀਬ 3 ਸਾਲ ਪਹਿਲਾਂ ਇਕ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਸਨੈਚਿੰਗ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਔਰਤ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ 22 ਜਨਵਰੀ, 2021 ਨੂੰ ਦੇਰ ਸ਼ਾਮ ਸੈਕਟਰ-39 ਦੀ ਮਾਰਕਿਟ ਜਾ ਰਹੀ ਸੀ।

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆ ਕੇ ਮੋਬਾਇਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਜਾਂਚ ਦੌਰਾਨ ਪੁਲਸ ਨੇ ਦੋ ਮੁਲਜ਼ਮਾਂ ਦਲੀਪ ਕੁਮਾਰ ਅਤੇ ਸੰਜੇ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ’ਚ ਬਹਿਸ ਦੌਰਾਨ ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਉਸ ਦੇ ਕਲਾਇੰਟ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਦੱਸੀ ਗਈ ਘਟਨਾ ਕਦੇ ਵਾਪਰੀ ਹੀ ਨਹੀਂ। ਇਸ ਦੌਰਾਨ ਸਰਕਾਰੀ ਵਕੀਲ ਹੁਕਮ ਸਿੰਘ ਨੇ ਕਿਹਾ ਕਿ ਮੁੱਦਈ ਧਿਰ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਸਾਬਤ ਕਰ ਦਿੱਤਾ ਹੈ।

ਮਾਮਲੇ ’ਚ ਸਾਹਮਣੇ ਆਏ ਤੱਥਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਮੁਲਜ਼ਮ ਦਲੀਪ ਦੀ ਪਛਾਣ ਕੀਤੀ ਹੈ, ਜਿਸ ਕੋਲੋਂ ਮੋਬਾਇਲ ਬਰਾਮਦ ਹੋਇਆ ਹੈ। ਅਜਿਹੇ ’ਚ ਅਦਾਲਤ ਨੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਦਲੀਪ ਨੂੰ ਸਜ਼ਾ ਸੁਣਾਈ। ਜਦਕਿ ਪੁਲਸ ਵੱਲੋਂ ਫੜ੍ਹੇ ਗਏ ਦੂਜੇ ਮੁਲਜ਼ਮ ਸੰਜੇ ਨੂੰ ਬਰੀ ਕਰ ਦਿੱਤਾ ਗਿਆ।


author

Babita

Content Editor

Related News