ਆਟੋ ਚਾਲਕ ਦੀ ਬਹਾਦਰੀ ਨੇ ਨਾਕਾਮ ਕੀਤੀ ਬੈਗ ਖੋਹਣ ਦੀ ਵਾਰਦਾਤ, ਮੁਲਜ਼ਮ ਕਾਬੂ
Wednesday, May 06, 2026 - 01:44 PM (IST)
ਮੋਹਾਲੀ (ਜੱਸੀ) : ਇੱਥੇ ਮੋਹਾਲੀ ਫੇਜ਼-1 ਦੇ ਇਲਾਕੇ ’ਚ ਮੰਗਲਵਾਰ ਦੁਪਹਿਰ ਇਕ ਮੋਟਰਸਾਈਕਲ ਸਵਾਰ ਝਪਟਮਾਰ ਵੱਲੋਂ ਪੈਦਲ ਜਾ ਰਹੀ ਇਕ ਕੁੜੀ ਤੋਂ ਬੈਗ ਖੋਹਣ ਦੀ ਵਾਰਦਾਤ ਨੂੰ ਆਟੋ ਚਾਲਕ ਦੀ ਬਹਾਦਰੀ ਨੇ ਨਾਕਾਮ ਕਰ ਦਿੱਤਾ। ਘਟਨਾ ਉਸ ਸਮੇਂ ਵਾਪਰੀ ਜਦੋਂ ਕੁੜੀ ਪੈਦਲ ਜਾ ਰਹੀ ਸੀ ਅਤੇ ਅਚਾਨਕ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਨੇ ਉਸ ਦਾ ਬੈਗ ਖੋਹ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਉਰਵਸ਼ੀ ਨਾਂ ਦੀ ਕੁੜੀ ਦੇ ਰੌਲਾ ਪਾਉਣ ’ਤੇ ਪਿੱਛੇ ਤੋਂ ਆ ਰਹੇ ਇਕ ਆਟੋ ਚਾਲਕ ਨੇ ਤੁਰੰਤ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਕੁੱਝ ਹੀ ਦੂਰੀ ’ਤੇ ਆਟੋ ਚਾਲਕ ਨੇ ਆਟੋ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੁਲਜ਼ਮ ਸੜਕ ’ਤੇ ਡਿੱਗ ਗਿਆ।
ਇਸ ਤੋਂ ਬਾਅਦ ਮੁਲਜ਼ਮ ਭੱਜ ਕੇ ਖੋਖਾ ਮਾਰਕੀਟ ਵੱਲ ਜਾਣ ਲੱਗਾ, ਪਰ ਆਸ-ਪਾਸ ਮੌਜੂਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਜੇਕਰ ਆਟੋ ਚਾਲਕ ਸਮੇਂ ਸਿਰ ਆਪਣੀ ਸਮਝਦਾਰੀ ਨਾ ਦਿਖਾਉਂਦਾ ਤਾਂ ਮੁਲਜ਼ਮ ਆਸਾਨੀ ਨਾਲ ਫ਼ਰਾਰ ਹੋ ਸਕਦਾ ਸੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ। ਕੁੜੀ ਦਾ ਬੈਗ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।
