ਜਜ਼ਬੇ ਨੂੰ ਸਲਾਮ, ਪੰਜਾਬ ਦੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਪਹਾੜ੍ਹੀ ਕੀਤੀ ਫਤਿਹ

Tuesday, Aug 27, 2024 - 06:45 PM (IST)

ਜਜ਼ਬੇ ਨੂੰ ਸਲਾਮ, ਪੰਜਾਬ ਦੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਪਹਾੜ੍ਹੀ ਕੀਤੀ ਫਤਿਹ

ਰੋਪੜ (ਵੈੱਬ ਡੈਸਕ)- ਰੋਪੜ ਦੇ ਰਹਿਣ ਵਾਲੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਦੇ 19,340 ਫੁੱਟ (5895 ਮੀਟਰ) ਤੋਂ ਵੱਧ ਉੱਚੇ ਮਾਊਂਟ ਕਿਲੀਮੰਜਾਰੋ ਨੂੰ ਫਤਿਹ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਤੇਗਬੀਰ ਹੁਣ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਉਸ ਨੇ 18 ਅਗਸਤ ਨੂੰ ਟ੍ਰੈਕਿੰਗ ਸ਼ੁਰੂ ਕੀਤੀ ਅਤੇ 23 ਅਗਸਤ ਨੂੰ ਸਿਖਰ 'ਤੇ ਪਹੁੰਚਿਆ। ਇਹ ਘੱਟ ਆਕਸੀਜਨ ਵਾਲਾ ਟ੍ਰੈਕ ਹੈ ਅਤੇ ਚੜ੍ਹਾਈ 'ਤੇ ਚੜ੍ਹਨ ਤੋਂ ਪਹਿਲਾਂ ਵਿਸ਼ੇਸ਼ ਤਿਆਰੀ ਦੀ ਲੋੜ ਹੁੰਦੀ ਹੈ। ਤੇਗਬੀਰ ਨੇ ਹਰ ਚੁਣੌਤੀ ਨੂੰ ਪਾਰ ਕੀਤਾ। ਉੱਚਾਈ 'ਤੇ ਤਾਪਮਾਨ ਆਮ ਤੌਰ 'ਤੇ 10 ਡਿਗਰੀ ਹੁੰਦਾ ਹੈ। ਇਸ ਦੇ ਨਾਲ ਹੀ ਤਨਜ਼ਾਨੀਆ ਨੈਸ਼ਨਲ ਪਾਰਕ ਦੇ ਕੰਜ਼ਰਵੇਸ਼ਨ ਕਮਿਸ਼ਨਰ ਨੇ ਤੇਗਬੀਰ ਨੂੰ ਮਾਊਂਟੇਨ ਕਲਾਈਬਿੰਗ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ।

PunjabKesari

ਇਹ ਵੀ ਪੜ੍ਹੋ- ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF

ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜ੍ਹਨ ਵਾਲੇ ਤੇਗਬੀਰ ਤੋਂ ਪਹਿਲਾਂ ਸਰਵੀਆ ਦੇ ਓਗਨਜ਼ੇਨ ਜਿਵਕੋਵਿਕ ਨੇ 5 ਸਾਲ ਦੀ ਉਮਰ ਵਿਚ ਮਾਊਂਟ ਕਿਲੀਮੰਜਾਰੋ ਦੀ ਪਹਾੜ੍ਹੀ 'ਤੇ ਚੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਸੀ।  ਤੇਗਬੀਰ ਨੇ ਓਗਨਜੇਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸਭ ਤੋਂ ਘੱਟ ਉਮਰ ਦੇ ਏਸ਼ੀਆਈ ਅਤੇ ਭਾਰਤੀ ਪਰਬਤਾਰੋਹੀ ਬਣ ਗਿਆ। ਤੇਗਬੀਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਵਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਹੈਂਡਬਾਲ ਕੋਚ) ਅਤੇ ਪਰਿਵਾਰ ਨੂੰ ਦਿੱਤਾ ਹੈ। ਇਸ ਸਫ਼ਰ ਵਿੱਚ ਤੇਗਬੀਰ ਨਾਲ ਉਸ ਦੇ ਪਿਤਾ ਮੁਖਵਿੰਦਰਦੀਪ ਸਿੰਘ ਵੀ ਗਏ ਸਨ। ਉਨ੍ਹਾਂ ਦੱਸਿਆ ਕਿ ਤੇਗਬੀਰ ਨੇ ਕਰੀਬ ਇਕ ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਘੁੰਮਣ ਨੇ ਉਸ ਨੂੰ ਸਿਖਲਾਈ ਦਿੱਤੀ ਅਤੇ ਦਿਲ ਅਤੇ ਫੇਫੜਿਆਂ ਦੀ ਸਮਰੱਥਾ ਨੂੰ ਸੁਧਾਰਨ ਲਈ ਅਭਿਆਸਾਂ ਵਿੱਚ ਉਸ ਦੀ ਮਦਦ ਕੀਤੀ।

PunjabKesari

ਤੇਗਬੀਰ ਰੋਜ਼ ਲਗਭਗ 10 ਕਿਲੋਮੀਟਰ ਪੈਦਲ ਚਲਦਾ ਸੀ ਅਤੇ ਹਰ ਚੜ੍ਹਾਈ ਦੇ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਇਕ ਹਫ਼ਤੇ ਤੱਕ ਮਾਈਨਸ ਡਿਗਰੀ ਤਾਪਮਾਨ ਵਿਚ ਘੱਟ ਆਕਸੀਜ਼ਨ ਜਗ੍ਹਾ ਵਿਚ ਰਿਹਾ।  ਤੇਗਬੀਰ ਦੀ ਮਾਤਾ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਸਫ਼ਰ ਵਿਚ ਖੁਰਾਕ ਅਤੇ ਕੋਚ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਗਈ। ਪਰਿਵਾਰ, ਕੋਚ ਅਤੇ ਦੋਸਤਾਂ ਦੇ ਨਾਲ-ਨਾਲ ਤੇਗਬੀਰ ਨੇ ਪਰਬਤਾਰੋਹੀ ਸਾਨਵੀ ਸੂਦ ਦਾ ਵੀ ਧੰਨਵਾਦ ਕੀਤਾ, ਜਿਸ ਨੇ ਛੋਟੀ ਉਮਰ ਵਿੱਚ ਪਰਬਤਾਰੋਹੀ ਵਿੱਚ ਇਕ ਮਿਸਾਲ ਕਾਇਮ ਕੀਤੀ ਹੈ। ਤੇਗਬੀਰ 30 ਅਗਸਤ ਨੂੰ ਵਾਪਸ ਰੋਪੜ ਪਹੁੰਚ ਜਾਵੇਗਾ।

PunjabKesari

ਉਥੇ ਹੀ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਰੋਪੜ ਦੇ 5 ਸਾਲਾ ਤੇਗਬੀਰ ਸਿੰਘ 'ਤੇ ਮਾਣ ਹੈ, ਜੋ ਕਿਲੀਮੰਜਾਰੋ ਪਹਾੜ ਨੂੰ ਫਤਿਹ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਉਸ ਦਾ ਦ੍ਰਿੜ ਇਰਾਦਾ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਉਸ ਦੀਆਂ ਪ੍ਰਾਪਤੀਆਂ ਦੂਜਿਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਤੋਂ ਅੱਗੇ ਵਧਣ ਅਤੇ ਮਹਾਨਤਾ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨ। 

PunjabKesari

ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News