ਜਾਅਲੀ ਕਾਗਜ਼ ਲਾ ਕੇ 5 ਗੱਡੀਆ ਕਰਵਾਈਆਂ ਰਜਿਸਟਰਡ, FIR ਦਰਜ
Friday, Oct 15, 2021 - 01:42 AM (IST)
ਚੰਡੀਗੜ੍ਹ(ਸੁਸ਼ੀਲ)- ਇੰਡਸਟ੍ਰੀਅਲ ਏਰੀਆ ਫੇਜ਼ ਦੋ ਸਥਿਤ ਐੱਚ. ਆਈ. ਐੱਲ. ਟੀ. ਆਈ. ਇੰਡੀਆ ਪ੍ਰਾਈਵੇਟ ਲਿਮਿਟਡ ਦੇ ਜਾਅਲੀ ਕਾਗਜ਼ ਲਾ ਕੇ ਟੈਕਸ ਬਚਾਉਣ ਲਈ ਤਿੰਨ ਲੋਕਾਂ ਨੇ ਚੰਡੀਗੜ੍ਹ ਆਰ. ਐੱਲ. ਏ. ਤੋਂ ਪੰਜ ਗੱਡੀਆਂ ਦੀ ਰਜਿਸਟਰੇਸ਼ਨ ਕਰਵਾ ਲਈ। ਗੱਡੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਕੰਪਨੀ ਦੇ ਜਾਅਲੀ ਦਸਤਖਤ ਅਤੇ ਜਾਅਲੀ ਮੋਹਰ ਕਾਗਜ਼ਾਂ ’ਤੇ ਲਾਈਆਂ ਗਈਆਂ। ਤਿੰਨ ਸਾਲ ਤਕ ਚੰਡੀਗੜ੍ਹ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਕੀਤੀ। ਵਿਜੀਲੈਂਸ ਦੇ ਓ. ਐੱਸ. ਡੀ. ਦੀਪਕ ਯਾਦਵ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਜਾਅਲੀ ਕਾਗਜ਼ਾਤ ’ਤੇ ਗੱਡੀਆਂ ਨਾਂ ਕਰਵਾਉਣ ਵਾਲੇ ਮੁਲਜ਼ਮ ਗੁਰੂਗ੍ਰਾਮ ਸਥਿਤ ਟੀ. ਆਰ. ਸਾਹਨੀ ਆਟੋ ਮੋਬਾਇਲ ਕੰਪਨੀ ਦੇ ਕਰਮਚਾਰੀ ਦਿੱਲੀ ਸਥਿਤ ਆਰ. ਪੀ. ਬਾਗ ਨਿਵਾਸੀ ਚੰਦਰਰਿਸ਼ ਸਹਿਗਲ, ਹਿਸਾਰ ਦੇ ਪਿੰਡ ਗਾਨਾ ਕਲਾ ਨਿਵਾਸੀ ਅਮਿਤ ਕੁਮਾਰ ਅਤੇ ਨਵੀਂ ਦਿੱਲੀ ਸਥਿਤ ਕਾਪਾਸ ਖੇੜਾ ਨਿਵਾਸੀ ਰਾਜੇਸ਼ ਯਾਦਵ ਖਿਲਾਫ਼ ਧੋਖਾਦੇਹੀ, ਸਾਜਿਸ਼ ਰਚਣ ਅਤੇ ਜਾਅਲੀ ਕਾਗਜ਼ਾਂ ਦਾ ਇਸਤੇਮਾਲ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਦੀਪਕ ਯਾਦਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 30 ਅਕਤੂਬਰ 2018 ਨੂੰ ਸੂਚਨਾ ਮਿਲੀ ਕਿ ਟੈਕਸ ਬਚਾਉਣ ਲਈ ਇੰਡਸਟ੍ਰੀਅਲ ਏਰੀਆ ਫੇਜ਼ ਦੋ ਸਥਿਤ ਐੱਚ. ਆਈ. ਐੱਲ. ਟੀ. ਆਈ. ਇੰਡੀਆ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਜਾਅਲੀ ਕਾਗਜ਼ ਲਾ ਕੇ ਕੁਝ ਲੋਕਾਂ ਨੇ ਸੈਕਟਰ-17 ਰਜਿਸਟਰੇਸ਼ਨ ਐਂਡ ਲਾਇਸੈਂਸ ਅਥਾਰਿਟੀ ਤੋਂ 5 ਗੱਡੀਆਂ ਰਜਿਸਟਰ ਕਰਵਾਈਆਂ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਅਲੀ ਕਾਗਜ਼ਾਂ ’ਤੇ ਰਜਿਸਟਰ ਹੋਈਆਂ ਪੰਜਾਂ ਗੱਡੀਆਂ ਦੀ ਫਾਈਲ ਜ਼ਬਤ ਕੀਤੀ ਅਤੇ ਸਾਰੇ ਕਾਗਜ਼ ਚੈੱਕ ਕੀਤੇ।
ਗੱਡੀਆਂ ਰਜਿਸਟਰਡ ਕਰਵਾਉਣ ਵਾਲੀ ਕੰਪਨੀ 2018 ’ਚ ਹੋ ਗਈ ਸੀ ਬੰਦ
ਵਿਜੀਲੈਂਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਜਿਸ ਕੰਪਨੀ ਦੇ ਨਾਂ ਇਹ ਗੱਡੀਆਂ ਰਜਿਸਟਰਡ ਹੋਈਆਂ ਹਨ, ਉਹ ਕੰਪਨੀ ਅਪ੍ਰੈਲ, 2018 ’ਚ ਬੰਦ ਹੋ ਗਈ ਸੀ। ਇਸ ਤੋਂ ਇਲਾਵਾ ਕੰਪਨੀ ਦੀ ਜਾਅਲੀ ਮੋਹਰ ਬਣਾਈ ਗਈ ਸੀ। ਜਾਂਚ ’ਚ ਪਤਾ ਲੱਗਿਆ ਕਿ ਗੱਡੀਆਂ ਰਜਿਸਟਰੇਸ਼ਨ ਕਰਵਾਉਣ ’ਚ ਏਜੰਟ ਸੁਨੀਲ ਵੀ ਸ਼ਾਮਲ ਹੈ। ਉਨ੍ਹਾਂ ਨੇ ਐੱਚ. ਆਈ. ਐੱਲ. ਟੀ. ਆਈ. ਇੰਡੀਆ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਦੇ ਦਸਤਖਤ ਚੈੱਕ ਕਰਵਾਏ ਤਾਂ ਉਹ ਗੱਡੀਆਂ ਦੀ ਫਾਈਲ ’ਚ ਹੋਏ ਦਸਤਖਤਾਂ ਤੋਂ ਵੱਖਰੇ ਪਾਏ ਗਏ। ਜਾਂਚ ’ਚ ਪਤਾ ਲੱਗਿਆ ਕਿ ਉਕਤ ਕੰਪਨੀ ਨੂੰ ਡਾਇਰੈਕਟਰ ਬਣ ਕੇ ਦਸਤਖਤ ਹਿਸਾਰ ਦੇ ਪਿੰਡ ਗਾਨਾ ਕਲਾ ਨਿਵਾਸੀ ਅਮਿਤ ਕੁਮਾਰ ਨੇ ਕੀਤੇ ਸਨ। ਉਹ ਗੁਰੂਗ੍ਰਾਮ ਸਥਿਤ ਟੀ. ਆਰ. ਸਾਹਨੀ ਆਟੋ ਮੋਬਾਇਲ ਕੰਪਨੀ ਦਾ ਕਰਮਚਾਰੀ ਹੈ। ਇਸ ਤੋਂ ਇਲਾਵਾ ਗੱਡੀਆਂ ਟਰਾਂਸਫਰ ਕਰਨ ਵਿਚ ਇਸ ਕੰਪਨੀ ਦੇ ਕਰਮਚਾਰੀ ਦਿੱਲੀ ਸਥਿਤ ਆਰ. ਪੀ. ਬਾਗ ਨਿਵਾਸੀ ਚੰਦਰਰਿਸ਼ ਸਹਿਗਲ ਅਤੇ ਨਵੀਂ ਦਿੱਲੀ ਸਥਿਤ ਕਾਪਾਸ ਖੇੜਾ ਨਿਵਾਸੀ ਰਾਜੇਸ਼ ਯਾਦਵ ਸ਼ਾਮਲ ਹਨ।
ਲਿਖਾਈ ਦੀ ਜਾਂਚ ਸੀ. ਐੱਫ਼. ਐੱਸ. ਐੱਲ. ਸੈਕਟਰ-36 ’ਚ ਭੇਜੀ ਸੀ
ਵਿਜੀਲੈਂਸ ਨੇ ਸਾਰਿਆਂ ਦੀ ਲਿਖਾਈ ਅਤੇ ਫਾਈਲਾਂ ’ਤੇ ਹੋਏ ਦਸਤਖਤਾਂ ਦੀ ਜਾਂਚ ਸੀ. ਐੱਫ਼. ਐੱਸ. ਐੱਲ. ਸੈਕਟਰ-36 ’ਚ ਭੇਜੀ ਸੀ। ਉਕਤ ਤਿੰਨੇ ਲੋਕਾਂ ਦੀ ਲਿਖਾਈ ਦਾ ਆਰ. ਐੱਲ. ਏ. ’ਚ ਜਮ੍ਹਾਂ ਫਾਈਲਾਂ ਦੇ ਕਾਗਜ਼ਾਂ ਨਾਲ ਮਿਲਾਨ ਹੋ ਗਿਆ। ਸੀ. ਐੱਫ਼. ਐੱਸ. ਐੱਲ. ਰਿਪੋਰਟ ਆਉਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ-17 ਥਾਣਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਤਿੰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।