ਜਲੰਧਰ: CIA ਸਟਾਫ ਨੇ ਗੰਨ ਪੁਆਇੰਟ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 5 ਲੁਟੇਰੇ ਕੀਤੇ ਕਾਬੂ
Monday, Aug 05, 2019 - 11:05 AM (IST)

ਜਲੰਧਰ (ਵਰੁਣ)— ਇਥੋਂ ਦੇ ਸੀ. ਆਈ. ਏ. ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਜਲੰਧਰ 'ਚ ਗੰਨ ਪੁਆਇੰਟ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ। ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਪ੍ਰਿੰਸ ਬਾਬਾ ਗਿਰੋਹ ਦੇ ਸਰਗਣਾ ਬਾਬਾ ਅਤੇ ਉਸ ਦੇ ਦੋ ਚਚੇਰੇ ਭਰਾਵਾਂ ਸਣੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਿੰਸ ਬਾਬਾ ਨੇ ਆਪਣੇ ਚਚੇਰੇ ਭਰਾਵਾਂ ਨੂੰ ਮਿਲਾ ਕੇ ਕੁਲ 20 ਨੌਜਵਾਨਾਂ ਦਾ ਬਦਮਾਸ਼ੀ ਕਰਨ ਤੇ ਲੁੱਟ-ਖੋਹ ਕਰਨ ਦਾ ਗੈਂਗ ਬਣਾਇਆ ਹੋਇਆ ਹੈ। ਜੂਨ ਤੋਂ ਲੈ ਕੇ ਹੁਣ ਤੱਕ ਸ਼ਹਿਰ 'ਚ ਜਿੰਨੀਆਂ ਵੀ ਗੰਨ ਪੁਆਇੰਟ 'ਤੇ ਲੁੱਟ ਦੀਆਂ ਵਾਰਦਾਤਾਂ ਹੋਈਆਂ ਹਨ ਉਹ ਸਾਰੀਆਂ ਟਰੇਸ ਕਰ ਲਈਆਂ ਗਈਆਂ ਹਨ। ਗੈਂਗ ਨੇ ਖੁਦ ਨੂੰ ਸਟ੍ਰਾਂਗ ਕਰਨ ਲਈ ਯੂ. ਪੀ. ਤੋਂ ਚਾਰ ਪਿਸਤੌਲ ਲਿਆਉਣ ਲਈ ਦੋ ਲੱਖ ਰੁਪਏ ਦੀ ਪੇਮੈਂਟ ਵੀ ਕੀਤੀ ਹੋਈ ਸੀ।
ਡੀ. ਸੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਨੇ ਇਸ ਤੋਂ ਪਹਿਲਾਂ ਪ੍ਰਿੰਸ ਬਾਬਾ ਗਿਰੋਹ ਦੇ ਮੈਂਬਰਾਂ ਸਚਿਨ ਅਤੇ ਲਵਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਤੋਂ ਕਾਫੀ ਵੱਡੇ ਇਨਪੁਟ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਆਪਣੀ ਟੀਮ ਦੇ ਨਾਲ ਗਿਰੋਹ ਦੇ ਸਰਗਣੇ ਸਣੇ ਹੋਰ ਦੋਸ਼ੀਆਂ ਨੂੰ ਫੜਨ ਲਈ ਟਰੈਪ ਲਾਈ ਬੈਠੇ ਸਨ। ਗੁਪਤ ਸੂਚਨਾ 'ਤੇ ਸੀ. ਆਈ. ਏ. ਸਟਾਫ ਨੇ ਐਤਵਾਰ ਦੀ ਰਾਤ ਵੱਖ-ਵੱਖ ਸਥਾਨਾਂ 'ਤੇ ਰੇਡ ਕਰਕੇ ਗਿਰੋਹ ਦੇ ਸਰਗਣੇ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਨਿਵਾਸੀ ਮਾਤਾ ਭਗਵਾਨਪੁਰ ਮਖਦੂਮਪੁਰਾ, ਅਰਸ਼ਪ੍ਰੀਤ ਸਿੰਘ ਉਰਫ ਵੱਡਾ ਪ੍ਰੀਤ ਪੁੱਤਰ ਬੇਅੰਤ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਅਰਸ਼ਪ੍ਰੀਤ ਦਾ ਛੋਟਾ ਭਰਾ ਸੁਖਪ੍ਰੀਤ ਸਿੰਘ ਉਰਫ ਪ੍ਰੀਤ, ਨਵ ਕੇਤਨ ਉਰਫ ਬੱਬਾ ਨਾਗਰਾ ਪੁੱਤਰ ਪ੍ਰੇਮ ਨਾਥ ਨਿਵਾਸੀ ਨਾਗਰਾ ਤੇ ਆਸ਼ੀਸ਼ ਸੰਧੂ ਪੁੱਤਰ ਸੈਮਸਨ ਨਿਵਾਸੀ ਨੰਦਨਪੁਰ ਨੂੰ ਕਾਬੂ ਕਰ ਲਿਆ। ਪੁਲਸ ਨੇ ਪ੍ਰਿੰਸ ਬਾਬਾ ਤੋਂ 32 ਬੋਰ ਦਾ ਪਿਸਟਲ ਅਤੇ ਚਾਰ ਗੋਲੀਆਂ ਬਰਾਮਦ ਕੀਤੀਆਂ। ਅਰਸ਼ਪ੍ਰੀਤ ਤੋਂ ਇਕ ਦਾਤਰ ਅਤੇ ਵਾਰਦਾਤਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ ਜ਼ੈੱਨ ਕਾਰ ਬਰਾਮਦ ਕੀਤੀ।
ਡੀ. ਸੀ. ਪੀ. ਨੇ ਦੱਸਿਆ ਕਿ ਪ੍ਰਿੰਸ ਬਾਬਾ ਪਹਿਲਾਂ ਕੋਰੀਅਰ ਦਾ ਕੰਮ ਕਰਦਾ ਸੀ ਪਰ ਫਰਵਰੀ 2018 'ਚ ਬਾਬਾ ਨੇ ਕਪੂਰਥਲਾ ਦੇ ਇਕ ਪੱਤਰਕਾਰ ਕੋਲੋਂ ਇਕ ਮਹਿਲਾ ਦਾ ਵੀਡੀਓ ਡਿਲੀਟ ਕਰਵਾ ਕੇ ਉਸ ਤੋਂ ਫਿਰੌਤੀ ਮੰਗੀ ਸੀ, ਜਦਕਿ ਨਵੰਬਰ 2018 'ਚ ਆਰ. ਸੀ. ਐੱਮ. ਪੀ. ਕਰਾਕਰੀ ਸਟੋਰ ਦੇ ਮਾਲਕ ਤੋਂ ਨਕਲੀ ਪਿਸਤੌਲ ਦੇ ਦਮ 'ਤੇ ਢਾਈ ਲੱਖ ਰੁਪਏ ਲੁੱਟ ਲਏ ਸਨ। ਵਾਰਦਾਤ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਹੀ ਉਸ ਨੂੰ ਕਾਬੂ ਕਰਕੇ ਸਾਥੀਆਂ ਸਣੇ ਜੇਲ ਭੇਜ ਦਿੱਤਾ ਸੀ ਪਰ 16 ਫਰਵਰੀ 2019 ਨੂੰ ਕਪੂਰਥਲਾ ਜੇਲ ਤੋਂ ਜ਼ਮਾਨਤ 'ਤੇ ਆਉਣ ਤੋਂ ਬਾਅਦ ਬਾਬੇ ਨੇ ਆਪਣੇ ਚਚੇਰੇ ਦੋ ਸਕੇ ਭਰਾਵਾਂ ਅਰਸ਼ਪ੍ਰੀਤ ਤੇ ਸੁਖਪ੍ਰੀਤ ਸਿੰਘ ਸਣੇ ਇਰਾਦਾ-ਏ-ਕਤਲ ਦੇ ਕੇਸ ਵਿਚ ਵਾਂਟੇਡ ਨੌਜਵਾਨਾਂ ਸਣੇ ਹੋਰ ਨੌਜਵਾਨਾਂ ਦਾ ਗੈਂਗ ਬਣਾ ਲਿਆ।
ਡੀ. ਸੀ. ਨੇ ਦੱਸਿਆ ਕਿ ਬਾਬੇ ਦਾ ਕੁੱਲ 20 ਮੈਂਬਰਾਂ ਦਾ ਗੈਂਗ ਸੀ, ਜਿਸ ਨੇ ਸ਼ਹਿਰ ਸਣੇ ਕਈ ਦਿਹਾਤੀ ਇਲਾਕਿਆਂ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਹੈ। ਬਾਕੀ ਦੇ 13 ਮੈਂਬਰਾਂ ਦੀ ਗ੍ਰਿਫਤਾਰੀ ਲਈ ਸੀ. ਆਈ. ਏ. ਸਟਾਫ ਦੀ ਟੀਮ ਰੇਡ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗ ਨੇ ਲੁੱਟ ਦੇ ਦੋ ਲੱਖ ਰੁਪਏ ਨਾਲ ਯੂ. ਪੀ. ਤੋਂ ਚਾਰ ਪਿਸਤੌਲ ਵੀ ਮੰਗਵਾਏ ਸਨ। ਪੈਸੇ ਦੇ ਦਿੱਤੇ ਗਏ ਸਨ ਪਰ ਪਿਸਤੌਲ ਆਉਣੇ ਬਾਕੀ ਸਨ। ਪੁਲਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪ੍ਰਿੰਸ ਬਾਬਾ ਜੇਲ ਵਿਚ ਕਿਸੇ ਗੈਂਗਸਟਰ ਦੇ ਲਿੰਕ ਵਿਚ ਤਾਂ ਨਹੀਂ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਬਾਅਦ ਗੈਂਗ ਦੇ ਮੈਂਬਰ ਮਨਾਲੀ ਘੁੰਮਣ ਜਾਂਦੇ ਸਨ, ਜਦੋਂਕਿ ਪ੍ਰਿੰਸ ਬਾਬਾ ਨੇ ਲੁੱਟ ਦੇ ਪੈਸਿਆਂ ਨਾਲ ਬ੍ਰਾਂਡਿਡ ਕੱਪੜੇ ਖਰੀਦੇ ਸਨ।
ਇਹ ਵਾਰਦਾਤਾਂ ਹੋਈਆਂ ਟਰੇਸ
10 ਜੂਨ ਨੂੰ ਲੰਮਾ ਪਿੰਡ ਚੌਕ 'ਤੇ ਈ. ਕਾਮ. ਕੋਰੀਅਰ ਕੰਪਨੀ ਵਿਚ ਡਰਾ-ਧਮਕਾ ਕੇ 80 ਹਜ਼ਾਰ ਰੁਪਏ ਤੇ ਦੋ ਮੋਬਾਇਲ ਫੋਨ ਲੁੱਟੇ ਸਨ। ਮੁਲਜ਼ਮ ਆਫਿਸ ਵਿਚੋਂ ਡੀ. ਵੀ. ਆਰ. ਵੀ ਲੈ ਗਏ ਸਨ।
19 ਜੂਨ ਨੂੰ ਪ੍ਰਿੰਸ ਬਾਬਾ ਨੇ ਪੱਕਾ ਬਾਗ ਤੋਂ ਇਕ ਬਜ਼ੁਰਗ ਕੋਲੋਂ ਐਕਟਿਵਾ ਲੁੱਟੀ ਸੀ।
19 ਜੂਨ ਦੀ ਰਾਤ ਪ੍ਰਿੰਸ ਬਾਬਾ ਨੇ ਹੀ ਪਰਾਗਪੁਰ ਦੇ ਅਹਾਤਾ ਮਾਲਕ ਕੋਲੋਂ ਕੈਸ਼, ਪਰਸ, ਮੋਬਾਇਲ, ਚਾਂਦੀ ਦੀ ਚੇਨ ਤੇ ਐਕਟਿਵਾ ਲੁੱਟੀ ਸੀ।
29 ਜੂਨ ਨੂੰ ਇਸ ਗੈਂਗ ਨੇ ਮੋਤਾ ਸਿੰਘ ਨਗਰ ਸਾਈਡ ਤੋਂ ਐਕਟਿਵਾ ਲੁੱਟੀ ਸੀ।
7 ਜੁਲਾਈ ਨੂੰ ਪ੍ਰਿੰਸ ਬਾਬਾ, ਸਚਿਨ, ਅਰਸ਼ਦੀਪ ਤੇ ਹੋਰਨਾਂ ਨੇ ਕਰਤਾਰਪੁਰ 'ਚ ਗੰਨ ਪੁਆਇੰਟ 'ਤੇ ਇਨੋਵਾ ਲੁੱਟੀ।
7 ਜੁਲਾਈ ਨੂੰ ਉਸੇ ਇਨੋਵਾ ਵਿਚ ਸਵਾਰ ਹੋ ਕੇ ਅੱਡਾ ਹੁਸ਼ਿਆਰਪੁਰ ਚੌਕ ਵਿਚ ਇਕ ਦੁਕਾਨ ਵਿਚੋਂ ਤਿੰਨ ਐੈੱਲ. ਈ. ਡੀ., ਕੰਪਿਊਟਰ ਤੇ ਹੋਰ ਸਾਮਾਨ ਚੋਰੀ ਕੀਤਾ।
23 ਜੁਲਾਈ ਨੂੰ ਰਾਇਲ ਮੈਡੀਕਲ ਸਟੋਰ ਦੇ ਮਾਲਕ ਨੂੰ ਦਾਤ ਮਾਰ ਕੇ ਐਕਟਿਵਾ ਲੁੱਟੀ , ਐਕਟਿਵਾ ਵਿਚ 1.90 ਲੱਖ ਰੁਪਏ ਸਨ।
23 ਜੁਲਾਈ ਦੀ ਰਾਤ ਉਕਤ ਗੈਂਗ ਨੇ ਸੋਨੂੰ ਪਿਸਤੌਲ 'ਤੇ ਹਮਲਾ ਕਰ ਕੇ ਉਸ ਨੂੰ ਪਿਸਤੌਲ ਦਿਖਾਈ ਤੇ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ ਸੀ।
ਸੁਖਪ੍ਰੀਤ ਨੇ ਬਣਾਈ ਸੀ ਰਾਇਲ ਮੈਡੀਕਲ ਦੇ ਮਾਲਕ ਨੂੰ ਲੁੱਟਣ ਦੀ ਯੋਜਨਾ
ਪੁੱਛਗਿੱਛ ਵਿਚ ਪਤਾ ਲੱਗਾ ਕਿ ਇਸ ਗੈਂਗ ਨੇ ਰਾਇਲ ਮੈਡੀਕਲ ਸਟੋਰ ਦੇ ਮਾਲਕ ਨੂੰ ਲੁੱਟਣ ਦੀ ਪਲਾਨਿੰਗ ਪ੍ਰਿੰਸ ਬਾਬਾ ਦੇ ਛੋਟੇ ਚਚੇਰੇ ਭਰਾ ਸੁਖਪ੍ਰੀਤ ਸਿੰਘ ਦੇ ਕਹਿਣ 'ਤੇ ਤਿਆਰ ਕੀਤੀ ਸੀ। ਅਸਲ 'ਚ ਸੁਖਪ੍ਰੀਤ ਕੁਝ ਸਮਾਂ ਪਹਿਲਾਂ ਇਸੇ ਸਟੋਰ ਕੋਲ ਇਕ ਹੋਰ ਮੈਡੀਕਲ ਸਟੋਰ 'ਚ ਕੰਮ ਕਰਦਾ ਸੀ, ਜਿਸ ਨੂੰ ਪਤਾ ਸੀ ਕਿ ਸਟੋਰ ਦਾ ਮਾਲਕ ਐਕਟਿਵਾ ਵਿਚ ਸਾਰੇ ਦਿਨ ਦੀ ਸੇਲ ਲੈ ਕੇ ਇਕੱਲਾ ਘਰ ਜਾਂਦਾ ਸੀ। ਇਸ ਗੈਂਗ ਨੇ ਸਟੋਰ ਮਾਲਕ ਨੂੰ ਲੁੱਟਣ ਤੋਂ ਬਾਅਦ ਐਕਟਿਵਾ ਵਿਚੋਂ ਸਾਰਾ ਕੈਸ਼ ਕੱਢ ਕੇ ਚੱਲਦੀ ਐਕਟਿਵਾ ਨੂੰ ਧਾਰੀਵਾਲ ਕਾਦੀਆਂ ਨਹਿਰ 'ਚ ਸੁੱਟ ਦਿੱਤਾ ਸੀ, ਜਿਸ ਨੂੰ ਲਾਂਬੜਾ ਦੀ ਪੁਲਸ ਨੇ ਬਰਾਮਦ ਕਰਕੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਸੀ।
ਮੁਲਜ਼ਮਾਂ ਕੋਲੋਂ ਬਰਾਮਦ ਹੋਏ ਲੁੱਟ ਦੇ ਮੋਬਾਇਲ
ਸੀ. ਆਈ. ਏ. ਸਟਾਫ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪਿਸਤੌਲ, ਗੋਲੀਆਂ, ਜ਼ੈੱਨ ਕਾਰ, ਦਾਤ ਸਣੇ ਲੰਮਾ ਪਿੰਡ ਚੌਕ 'ਤੇ ਕੋਰੀਅਰ ਕੰਪਨੀ 'ਚੋਂ ਲੁੱਟਿਆ ਮੋਬਾਇਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਨੰਬਰ ਦੀ ਵੀ ਇਕ ਜ਼ੈੱਨ ਕਾਰ ਬਰਾਮਦ ਹੋਈ ਹੈ। ਪੁਲਸ ਇਸ ਗੱਲ ਦਾ ਪਤਾ ਲਗਵਾ ਰਹੀ ਹੈ ਕਿ ਬਰਾਮਦ ਹੋਈ ਜ਼ੈੱਨ ਕਾਰ ਚੋਰੀ ਦੀ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਜਲੰਧਰ 'ਚ ਲੁੱਟ ਦੀਆਂ ਲਗਾਤਾਰ ਵਾਰਦਾਤਾਂ ਕਰਨ ਵਾਲੇ ਇਸ ਗੈਂਗ ਦੇ ਮੈਂਬਰਾਂ ਦੀ ਉਮਰ 21 ਤੋਂ ਲੈ ਕੇ 25 ਸਾਲ ਤੱਕ ਦੀ ਹੈ।
ਜ਼ੈੱਨ ਕਾਰ ਤੋਂ ਮਿਲਿਆ ਸੀ ਕਲੂ, 40 ਜ਼ੈੱਨ ਕਾਰਾਂ ਦੇ ਰਿਕਾਰਡ ਖੰਗਾਲੇ
ਪੁਲਸ ਨੂੰ ਗੈਂਗ ਦੇ ਸਚਿਨ ਤੇ ਲਵਪ੍ਰੀਤ ਦੇ ਫੜੇ ਜਾਣ ਤੋਂ ਪਹਿਲਾਂ ਮੁਲਜ਼ਮਾਂ ਦੀ ਜ਼ੈੱਨ ਕਾਰ ਬਾਰੇ ਜਾਣਕਾਰੀ ਮਿਲੀ ਸੀ। ਇਨਪੁੱਟ ਸਨ ਕਿ ਮੁਲਜ਼ਮ ਮਿਲਟਰੀ ਰੰਗ ਦੀ ਜ਼ੈੱਨ ਕਾਰ ਵਿਚ ਸਵਾਰ ਸਨ। ਇਸ ਤੋਂ ਬਾਅਦ ਪੁਲਸ ਨੇ 40 ਜ਼ੈੱਨ ਕਾਰਾਂ ਦਾ ਰਿਕਾਰਡ ਕਢਵਾਇਆ, ਜਿਸ 'ਚ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲੇ ਦੀਆਂ ਜ਼ੈੱਨ ਗੱਡੀਆਂ ਸ਼ਾਮਲ ਸਨ। ਨੰਬਰ ਦਿੱਲੀ ਦਾ ਹੋਣ ਕਾਰਨ ਪੁਲਸ ਨੂੰ ਮੁਲਜ਼ਮਾਂ ਤੱਕ ਪਹੁੰਚਣ ਵਿਚ ਕਾਫੀ ਸਮਾਂ ਲੱਗਾ ਪਰ ਬਾਅਦ ਵਿਚ ਵੱਡੀ ਸਫਲਤਾ ਮਿਲੀ।