ਲੁਧਿਆਣਾ ਪੁਲਸ ਨੂੰ ਖੁੱਲ੍ਹੀ ਚੁਣੌਤੀ, 5 ਨਕਾਬਪੋਸ਼ਾਂ ਲੁਟੇਰਿਆਂ ਨੇ ਚੰਦ ਮਿੰਟਾਂ ''ਚ ਕੀਤਾ 35 ਲੱਖ ਦਾ ਸਫ਼ਾਇਆ

Tuesday, Aug 18, 2026 - 08:03 AM (IST)

ਲੁਧਿਆਣਾ ਪੁਲਸ ਨੂੰ ਖੁੱਲ੍ਹੀ ਚੁਣੌਤੀ, 5 ਨਕਾਬਪੋਸ਼ਾਂ ਲੁਟੇਰਿਆਂ ਨੇ ਚੰਦ ਮਿੰਟਾਂ ''ਚ ਕੀਤਾ 35 ਲੱਖ ਦਾ ਸਫ਼ਾਇਆ

ਲੁਧਿਆਣਾ (ਰਾਜ) : ਸਵਤੰਤਤਰਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਭਰ ਵਿਚ ਸੁਰੱਖਿਆ ਦੇ ਸਖਤ ਦਾਅਵਿਆਂ ਅਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਦੇ ਵਿਚ ਸ਼ਾਮਲ ਚੋਰਾਂ ਨੇ ਪੁਲਸ ਕਮਿਸ਼ਨਰੇਟ ਨੂੰ ਖੁੱਲੀ ਚੁਣੌਤੀ ਦੇ ਦਿੱਤੀ ਹੈ। ਪੋਸ਼ ਅਤੇ ਭੀੜ ਵਾਲੇ ਇਲਾਕੇ ਘੁਮਾਰ ਮੰਡੀ ਦੇ ਮੇਨ ਰੋਡ ’ਤੇ ਸਥਿਤ ਕਲਾਸਿਕ ਗਿਫਟ ਮੋਬਾਇਲ ਸ਼ਾਪ ’ਤੇ ਤੜਕੇ ਧਾਵਾ ਬੋਲਦਿਆਂ 5 ਨਕਾਬਪੋਸ਼ ਚੋਰਾਂ ਨੇ ਸੱਬਲ ਨਾਲ ਗੇਟ ਤੋੜ ਕੇ ਦੁਕਾਨ ਵਿਚੋਂ ਕਰੀਬ 30 ਤੋਂ 35 ਲੱਖ ਰੁਪਏ ਮੁੱਲ ਦੇ 100 ਤੋਂ ਵੱਧ ਮਹਿੰਗੇ ਬ੍ਰਾਂਡਿਡ ਮੋਬਾਇਲ ਫੋਨ ਤੇ 15 ਹਜ਼ਾਰ ਕੈਸ਼ ਚੋਰ ਕੀਤੇ ਤੇ ਫਰਾਰ ਹੋ ਗਏ ਪਰ ਚੋਰਾਂ ਦੀਆਂ ਹਰਕਤਾਂ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ।

ਸੂਚਨਾ ਤੋਂ ਬਾਅਦ ਪੁੱਜੀ ਥਾਣਾ ਡਵੀਜ਼ਨ ਨੰ.8 ਦੀ ਪੁਲਸ ਨੇ ਸਾਰੀਆਂ ਫੁਟੇਜ ਕਬਜੇ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਘੁਮਾਰ ਮੰਡੀ ਮੇਨ ਰੋਡ ਸਥਿਤ ਕਲਾਸਿਕ ਗਿਫਟ ਮੋਬਾਇਲ ਸ਼ਾਪ ਦੇ ਮਾਲਕ ਯੋਗੇਸ਼ ਰੋਜਾਨਾ ਵਾਂਗ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਤੜਕੇ ਕਰੀਬ 4 ਤੋਂ 5 ਵਜੇ ਦੇ ਵਿਚ ਇਕ ਗਿਰੋਹ ਦੇ 5 ਨਕਾਬਪੋਸ਼ ਅਣਪਛਾਤੇ ਚੋਰ ਦੁਕਾਨ ਦੇ ਅੰਦਰ ਪੁੱਜੇ। ਚੋਰਾਂ ਨੇ ਲੋਹੇ ਦੇ ਸੱਬਲ ਦੀ ਮਦਦ ਨਾਲ ਦੁਕਾਨ ਦੇ ਸ਼ਟਰ ਤੇ ਮੁੱਖ ਗੇਟ ਦੇ ਜਿੰਦੇ ਤੋੜੇ ਅਤੇ ਅੰਦਰ ਦਾਖਲ ਹੋ ਗਏ ਅਤੇ ਪੂਰੀ ਦੁਕਾਨ ਚੈੱਕ ਕੀਤੀ। ਚੋਰਾਂ ਨੂੰ ਪ੍ਰੀਮੀਅਮ ਫੋਨ ਦੀ ਪੂਰੀ ਸਮਝ ਸੀ। ਉਨ੍ਹਾਂ ਦੁਕਾਨ ਵਿਚ ਡਿਸਪਲੇ ਤੇ ਸਟਾਕ ਵਿਚ ਰੱਖੇ ਮਹਿੰਗੇ ਅਤੇ ਬ੍ਰਾਂਡਿਡ ਕੰਪਨੀਆਂ ਦੇ 100 ਤੋਂ ਵੱਧ ਸਮਾਰਟ ਫੋਨ ਬੋਰੀਆਂ ਵਿਚ ਭਰ ਲਏ ਜਿਨ੍ਹਾ ਦੀ ਕੁਲ ਕੀਮਤ 30 ਤੋਂ 35 ਲੱਖ ਰੁਪਏ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਦੁਕਾਨ ਤੋਂ ਸਸਤੇ ਤੇ ਕੀਪੈਡ ਫੋਨ ਅਤੇ ਸ਼ੋਕੇਸ ਵਿਚ ਲੱਗੇ ਡੰਮੀ ਮੋਬਾਇਲ ਫੋਨ ਨੂੰ ਹੱਥ ਲਾਏ ਬਿਨਾਂ ਛੱਡ ਗਏ ਤੇ ਚੰਦ ਮਿੰਟਾਂ ਵਿਚ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਗਏ।

PunjabKesari

ਨਵੇਂ ਏ.ਡੀ.ਸੀ.ਪੀ.-3 ਦੇ ਕਾਰਜਭਾਰ ਸੰਭਾਲਦੇ ਹੀ ਇਲਾਕੇ ਵਿਚ ਵੱਡੀ ਵਾਰਦਾਤ

ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ ਵਿਚ ਕੀਤੇ ਫੇਰਬਦਲ ਤਹਿਤ ਲੁਧਿਆਣਾ ਕਮਿਸ਼ਨਰੇਟ ਵਿਚ 7 ਨਵੇਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ ਜਿਸ ਵਿਚ ਏ.ਡੀ.ਸੀ.ਪੀ-3 ਦੀ ਵੀ ਬਦਲੀ ਹੋਈ ਸੀ ਪਰ ਉਨ੍ਹਾਂ ਦੇ ਆਉਣ ਦੇ ਨਾਲ ਹੀ ਚੋਰਾਂ ਨੇ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਇਸ ਵੱਡੀ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਸ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਚੌਕ ਤੋਂ ਚੰਦ ਕਦਮ ਦੂਰ ਕੀਤੀ ਵਾਰਦਾਤ, ਪੁਲਸ ਦੀ ਮੁਸਤੈਦੀ ’ਤੇ ਸਵਾਲ

ਸਵਤੰਤਰਤਾ ਦਿਵਸ ਦੌਰਾਨ ਜਿਥੇ ਪੁਲਸ ਪ੍ਰਸ਼ਾਸਨ ਸ਼ਹਿਰ ਭਰ ਵਿਚ ਨਾਕਾਬੰਦੀ ਅਤੇ ਰਾਤ ਦਿਨ ਮੁਸਤੈਦੀ ਦੇ ਦਾਅਵੇ ਕਰ ਰਹੀ ਸੀ, ਉਥੇ ਮੁੱਖ ਘੁਮਾਰ ਮੰਡੀ ਚੌਕ ਤੋਂ ਸਿਰਫ ਚੰਦ ਕਦਮ ਦੂਰ ਹੋਈ ਇਸ ਵੱਡੀ ਸੰਨ੍ਹਮਾਰੀ ਨੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪੁਲਸ ਦੁਕਾਨ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਕੇ 5 ਨਕਾਬਦੋਸ਼ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੇ ਰੂਟ ਨੂੰ ਟ੍ਰੇਸ ਕਰਨ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 9ਵੀਂ ਜਮਾਤ ਦੀ ਵਿਦਿਆਰਥਣ 7 ਦਿਨਾਂ ਤੋਂ 'ਲਾਪਤਾ'! ਵੀਡੀਓ ਵੇਖ ਮਾਪਿਆਂ ਦੇ ਉੱਡੇ ਹੋਸ਼

ਕੁਝ ਦਿਨਾਂ ਤੋਂ ਅਣਪਛਾਤੇ ਕਰ ਰਹੇ ਸਨ ਰੇਕੀ

ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਕੁਝ ਦਿਨਾਂ ਤੋਂ ਕੁਝ ਨੌਜਵਾਨ ਉਸ ਦੀ ਦੁਕਾਨ ਵਿਚ ਆ ਰਹੇ ਸਨ ਜੋ ਖਰੀਦਦਾਰੀ ਤਾਂ ਨਹੀਂ ਕਰਦੇ ਸਨ ਪਰ ਮੋਬਾਈਲ ’ਤੇ ਗੱਲ ਕਰਦੇ ਅੰਦਰ ਆਉਂਦੇ ਤੇ ਦੇਖ ਕੇ ਫਿਰ ਚਲੇ ਜਾਂਦੇ ਸਨ। ਉਸ ਨੂੰ ਸ਼ੱਕ ਹੈ ਕਿ ਉਕਤ ਲੋਕ ਚੋਰ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News