5 ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣਿਆਂ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਪੁਲਸ ਨੇ ਦਬੋਚਿਆ
Wednesday, Apr 27, 2022 - 09:05 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਬੀਤੇ ਦਿਨ ਨਵਾਂ ਕੋਟ ਦੇ ਰਹਿਣ ਵਾਲੇ ਵਿਜੇ ਚਾਵਲਾ ਪੁੱਤਰ ਚੰਦਰ ਮੋਹਨ ਨਾਂ ਦੇ ਵਿਅਕਤੀ ਵੱਲੋਂ ਲੁੱਟ-ਖੋਹ ਦੀ ਦਰਜ ਕਰਵਾਈ ਘਟਨਾ ਦਾ ਉਹ ਖੁਦ ਹੀ ਮਾਸਟਰ ਮਾਈਂਡ ਨਿਕਲਿਆ, ਜਿਸ ਕੋਲ ਉਸ ਦੇ ਸਹੁਰਿਆਂ ਵੱਲੋਂ ਰੱਖੀ ਰਾਸ਼ੀ ਤੇ ਸੋਨੇ ਦੇ ਗਹਿਣੇ ਹੜੱਪਣ ਲਈ ਇਹ ਡਰਾਮਾ ਰਚਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਸਾਊਥ ਰਵਿੰਦਰ ਸਿੰਘ ਨੇ ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਜੇ ਚਾਵਲਾ ਨੇ 14 ਅਪ੍ਰੈਲ ਨੂੰ ਥਾਣਾ ਸੀ ਡਵੀਜ਼ਨ ਵਿਖੇ ਕੇਸ ਦਰਜ ਕਰਵਾਇਆ ਸੀ ਕਿ ਰਾਤ ਕਰੀਬ 10.30 ਵਜੇ ਜਦ ਉਹ ਇਕ ਐਕਟਿਵਾ 'ਤੇ ਆਪਣੇ 15 ਸਾਲਾ ਲੜਕੇ ਨਾਲ ਘਰ ਆ ਰਿਹਾ ਸੀ ਤਾਂ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਇਕ ਲਾਲ ਰੰਗ ਦੇ ਮੋਟਰਸਾਈਕਲ 'ਤੇ ਸਵਾਰ 3 ਵਿਅਕਤੀਆਂ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਕੁੱਟਮਾਰ ਕਰਕੇ ਐਕਟਿਵਾ ਦੀ ਡਿੱਗੀ ਵਿੱਚ ਪਈ 5 ਲੱਖ ਦੀ ਨਕਦੀ ਤੇ 200 ਗ੍ਰਾਮ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ, ਜਿਸ ਦੀ ਗੰਭੀਰਤਾ ਨੂੰ ਵੇਖਦਿਆਂ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਇਸ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ AGTF ਨੇ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ 2 ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਜਦ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਸ਼ੱਕ ਪੈਣ 'ਤੇ ਮੁੱਦਈ ਵਿਜੇ ਚਾਵਲਾ ਤੋਂ ਇਸ ਸਬੰਧੀ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਵੱਲੋਂ ਉਸ ਦੇ ਸਹੁਰਿਆਂ ਵੱਲੋਂ ਉਸ ਕੋਲ ਅਮਾਨਤ ਤੌਰ 'ਤੇ ਰੱਖੇ 3 ਲੱਖ 92 ਹਜ਼ਾਰ ਤੇ 200 ਗ੍ਰਾਮ ਦੇ ਸੋਨੇ ਦੇ ਗਹਿਣੇ ਹੱੜਪਣ ਲਈ ਉਸ ਨੇ ਲੁੱਟ ਦੀ ਵਾਰਦਾਤ ਦਾ ਇਹ ਡਰਾਮਾ ਰਚਿਆ ਸੀ, ਜਿਸ ਵਿੱਚੋਂ ਉਸ ਨੇ 2 ਲੱਖ 61 ਹਜ਼ਾਰ ਰੁਪਏ ਖਰਚ ਲਏ ਸਨ। ਪੁਲਸ ਨੇ ਉਸ ਕੋਲੋਂ 1 ਲੱਖ 31 ਹਜ਼ਾਰ ਰੁਪਏ ਤੇ 186 ਗ੍ਰਾਮ 700 ਮਿਲੀਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਨੂੰ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਜਾਂਚ ਕੀਤੀ ਜਾਏਗੀ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ 2 ਸਾਬਕਾ ਵਜ਼ੀਰ ਸਰਕਾਰ ਦੇ ਰਾਡਾਰ 'ਤੇ, ਕਿਸੇ ਵੇਲੇ ਵੀ ਡਿੱਗ ਸਕਦੀ ਹੈ ਗਾਜ!
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ