ਸੜਕ ਹਾਦਸਿਆਂ ''ਚ 5 ਜ਼ਖ਼ਮੀ
Monday, Dec 04, 2017 - 07:15 AM (IST)
ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਪਿੰਡ ਬੋਦੀਵਾਲਾ ਪੀਥਾ ਦੇ ਨੇੜੇ ਬੀਤੀ ਰਾਤ ਟਰਾਲੀ ਅਤੇ ਛੋਟੇ ਹਾਥੀ (ਟੈਂਪੂ) ਵਿਚਕਾਰ ਹੋਈ ਟੱਕਰ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੋਦੀਵਾਲਾ ਪੀਥਾ ਦੇ ਨੇੜੇ ਸਥਿਤ ਸ਼ੂਗਰ ਮਿੱਲ ਵਿਚ ਗੰਨਾ ਲੈ ਕੇ ਆਏ ਇਕ ਕਿਸਾਨ ਨੇ ਆਪਣੀ ਟਰਾਲੀ ਸੜਕ ਦੇ ਇਕ ਪਾਸੇ ਖੜ੍ਹੀ ਕਰ ਦਿੱਤੀ। ਹਨੇਰਾ ਹੋਣ ਕਾਰਨ ਅਬੋਹਰ ਵੱਲੋਂ ਆ ਰਹੇ ਛੋਟੇ ਹਾਥੀ (ਟੈਂਪੂ) ਦੀ ਉਕਤ ਟਰਾਲੀ ਨਾਲ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਵਿਚ ਟੈਂਪੂ ਚਾਲਕ ਜ਼ਖ਼ਮੀ ਹੋ ਗਿਆ ਅਤੇ ਟੈਂਪੂ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਤਲਵੰਡੀ ਭਾਈ, (ਗੁਲਾਟੀ)—ਬੀਤੀ ਰਾਤ ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਇਕ ਕਾਰ ਸੜਕ ਵਿਚਕਾਰ ਲੱਗੇ ਡਿਵਾਈਡਰਾਂ ਨਾਲ ਜਾ ਟਕਰਾਈ। ਸਿੱਟੇ ਵਜੋਂ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰ ਕਾਫੀ ਹੱਦ ਤੱਕ ਨੁਕਸਾਨੀ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਕਾਰ ਜਿਸ ਵਿਚ ਗੋਵਿੰਦ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਲੁਧਿਆਣਾ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨਾਲ ਜਾ ਰਿਹਾ ਸੀ ਕਿ ਤਲਵੰਡੀ ਭਾਈ ਨੇੜੇ ਉਨ੍ਹਾਂ ਦੀ ਕਾਰ ਹਨੇਰਾ ਹੋਣ ਕਰਕੇ ਸੜਕ ਵਿਚਕਾਰ ਲੱਗੇ ਡਿਵਾਈਡਰਾਂ ਨਾਲ ਜਾ ਟਕਰਾਈ। ਘਟਨਾ ਦੀ ਸੂਚਨਾ ਮਿਲਦੇ ਹੀ ਹਾਈਵੇ ਪੁਲਸ ਟੀਮ ਦੇ ਜਸਵੰਤ ਸਿੰਘ ਅਤੇ ਬਲਵੀਰ ਸਿੰਘ ਪੁੱਜੇ, ਜਿਨ੍ਹਾਂ ਮਾਮੂਲੀ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ।
