ਇਕੋ ਰਾਤ ’ਚ 5 ਗਊਵੰਸ਼ਾਂ ਦੀ ਮੌਤ, ਅੱਧੀ ਦਰਜਨ ਜ਼ਖਮੀ
Thursday, Aug 30, 2018 - 04:47 AM (IST)
ਬਠਿੰਡਾ, (ਬਲਵਿੰਦਰ)- ਸ਼ਹਿਰ ਦੀਆਂ ਸਡ਼ਕਾਂ ’ਤੇ ਬੇਸਹਾਰਾ ਘੁੰਮਦਾ ਗਊਵੰਸ਼ ਬੀਤੀ ਰਾਤ ਫਿਰ ਦਰਜਨ ਭਰ ਹਾਦਸਿਆਂ ਦਾ ਕਾਰਨ ਬਣਿਆ, ਜਿਸ ਕਾਰਨ 5 ਗਊਵੰਸ਼ਾਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ। ਭਾਵੇਂ ਗਊਵੰਸ਼ ਦੇ ਨਾਂ ’ਤੇ ਵੱਡੀਆਂ-ਵੱਡੀਆਂ ਤਕਰੀਰਾਂ ਕਰਨ ਵਾਲੇ ਅਨੇਕਾਂ ਮਿਲ ਜਾਣਗੇ ਪਰ ਇਸ ਮਸਲੇ ਦੇ ਹੱਲ ਖਾਤਰ ਕੋਈ ਵੀ ਅੱਗੇ ਆਉਣ ਨੂੰ ਤਿਆਰ ਨਹੀਂ।
ਜ਼ਿਕਰਯੋਗ ਹੈ ਕਿ ਸਰਕਾਰ, ਪ੍ਰਸ਼ਾਸਨ ਤੇ ਕੁਝ ਸਮਾਜ ਸੇਵਕਾਂ ਦੀ ਅਣਗਹਿਲੀ ਕਾਰਨ ਜ਼ਿਲਾ ਬਠਿੰਡਾ ਦੇ ਪਿੰਡਾਂ ਤੇ ਖੇਤਾਂ ’ਚ ਅਤੇ ਸ਼ਹਿਰ ਦੀਆਂ ਸਡ਼ਕਾਂ ’ਤੇ ਗਊਵੰਸ਼ ਰੁਲ ਰਿਹਾ ਹੈ, ਜਿਨ੍ਹਾਂ ਨੂੰ ਬੇਸਹਾਰਾ ਵੀ ਕਿਹਾ ਜਾ ਸਕਦਾ ਹੈ ਪਰ ਇਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਸਿੱਟੇ ਵਜੋਂ ਇਹ ਭੁੱਖਾ-ਪਿਆਸਾ ਸਡ਼ਕਾਂ ’ਤੇ ਭਟਕ ਰਿਹਾ ਹੈ। ਫਿਰ ਇਨ੍ਹਾਂ ਦਾ ਵਾਹਨਾਂ ਨਾਲ ਟਕਰਾਉਣਾ ਸੁਭਾਵਿਕ ਹੈ, ਜਿਸ ਕਾਰਨ ਰੋਜ਼ਾਨਾ ਦਰਜਨਾਂ ਦੀ ਤਾਦਾਦ ’ਚ ਹਾਦਸੇ ਵਾਪਰ ਰਹੇ ਹਨ।
ਗੋਨਿਆਣਾ ਰੋਡ ’ਤੇ ਝੀਲਾਂ ਅਤੇ ਆਦਰਸ਼ ਨਗਰ ਦੇ ਵਿਚਕਾਰ ਹੀ ਬੀਤੀ ਰਾਤ ਅੱਧੀ ਦਰਜਨ ਹਾਦਸੇ ਵਾਪਰੇ। ਚਾਰ ਗਊਵੰਸ਼ਾਂ ਨੂੰ ਟਰੱਕਾਂ ਨੇ ਫੇਟ ਮਾਰ ਦਿੱਤੀ, ਜਿਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੋ ਗਊਵੰਸ਼ ਕਾਰਾਂ ਨਾਲ ਟਕਰਾਅ ਕੇ ਜ਼ਖਮੀ ਹੋ ਗਏ, ਜਦਕਿ ਕਾਰ ਸਵਾਰਾਂ ਨੂੰ ਵੀ ਸੱਟਾਂ ਲੱਗੀਆਂ।
ਇਸ ਤੋਂ ਇਲਾਵਾ ਡੱਬਵਾਲੀ ਰੋਡ ’ਤੇ ਵੀ ਇਕ ਗਊ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸਦੀ ਤੁਰੰਤ ਮੌਤ ਹੋ ਗਈ। ਟਰੱਕ ਚਾਲਕ ਨੇ ਉੱਤਰ ਕੇ ਗਊ ਨੂੰ ਪਾਣੀ ਆਦਿ ਪਿਆ ਕੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਇਸੇ ਰੋਡ ’ਤੇ ਦੋ ਹੋਰ ਗਊਵੰਸ਼ ਵਾਹਨਾਂ ਨਾਲ ਟਕਰਾਅ ਜ਼ਖਮੀ ਹੋ ਗਏ। ਬੀਤੀ ਰਾਤ ਹੀ ਮਾਨਸਾ ਰੋਡ ’ਤੇ ਅੰਡਰਬ੍ਰਿਜ ਨੇਡ਼ੇ ਚਾਰ ਕਾਰਾਂ ਅੱਗੇ ਵੀ ਗਊਵੰਸ਼ ਆਇਆ, ਜਿਸ ਕਾਰਨ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਗਊਵੰਸ਼ ਵੀ ਜ਼ਖਮੀ ਹੋਇਆ। ਇਸ ਤਰ੍ਹਾਂ ਕੁੱਲ 5 ਗਊਵੰਸ਼ਾਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਜ਼ਖਮੀ ਹੋ ਗਏ।
ਹੱਡਾ ਰੋਡ਼ੀ ਵਾਲੇ ਨਹੀਂ ਚੁੱਕਦੇ ਜਾਨਵਰਾਂ ਨੂੰ
ਪਸ਼ੂਆਂ ਦੇ ਮੁਫ਼ਤ ਇਲਾਜ ਲਈ ਪ੍ਰਸਿੱਧ ਸਮਾਜ ਸੇਵੀ ਟੇਕ ਚੰਦ ਨੇ ਦੱਸਿਆ ਕਿ ਹੱਡਾ ਰੋਡ਼ੀ ਠੇਕੇਦਾਰ ਦਾ ਐਨਾ ਮੰਦਾ ਹਾਲ ਹੈ ਕਿ ਉਹ ਕਈ-ਕਈ ਦਿਨ ਆਪਣਾ ਫੋਨ ਬੰਦ ਰੱਖਦਾ ਹੈ, ਜਿਸ ਕਾਰਨ ਉਸਨੂੰ ਮਰੇ ਹੋਏ ਪਸ਼ੂਆਂ ਦੀ ਸੂਚਨਾ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਬੀਤੀ ਰਾਤ 5 ਗਊਵੰਸ਼ ਮਰੇ, ਜਿਸਦੀ ਸੂਚਨਾ ਦੇਣ ਲਈ ਸਵੇਰ ਤੋਂ ਸ਼ਾਮ ਤੱਕ 40 ਵਾਰ ਫੋਨ ਕੀਤਾ ਗਿਆ, ਪਰ ਉਸਦਾ ਫੋਨ ਬੰਦ ਆ ਰਿਹਾ ਹੈ। ਹੋਰ ਤਾਂ ਹੋਰ ਡੱਬਵਾਲੀ ਰੋਡ ’ਤੇ ਪਸ਼ੂ ਹਸਪਤਾਲ ਨੇਡ਼ੇ ਇਕ ਗਊ ਦਸ ਦਿਨਾਂ ਤੋਂ ਮਰੀ ਪਈ ਹੈ, ਜਿਸਨੂੰ ਕੁੱਤੇ ਖਾ ਰਹੇ ਹਨ, ਪਰ ਇਸਨੂੰ ਚੁੱਕਣ ਲਈ ਹੱਡਾ ਰੋਡ਼ੀ ਦਾ ਕੋਈ ਵੀ ਮੁਲਾਜ਼ਮ ਨਹੀਂ ਵਹੁਡ਼ਿਆ।
ਸਡ਼ਕਾਂ ’ਤੇ ਗਊਵੰਸ਼ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਪਰ ਪ੍ਰਸ਼ਾਸਨ ਇਸਦੀ ਅਣਦੇਖੀ ਕਰ ਰਿਹਾ ਹੈ। ਇਸ ਮਾਮਲੇ ’ਚ ਸਮਾਜ ਸੇਵੀ ਸੰਸਥਾਵਾਂ ਨੂੰ ਸਖ਼ਤ ਹੋਣ ਦੀ ਲੋਡ਼ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਦੱਸਣਾ ਪਵੇਗਾ ਕਿ ਸਿਰਫ ਕਾਓ ਸੈੱਸ ਲੈਣਾ ਹੀ ਡਿਊਟੀ ਨਹੀਂ, ਸਗੋਂ ਇਸਦੇ ਬਦਲੇ ਮਸਲੇ ਦਾ ਹੱਲ ਕਰਨਾ ਵੀ ਜ਼ਰੂਰੀ ਹੈ। ਕਿਉਂਕਿ ਨਗਰ ਨਿਗਮ ਬਠਿੰਡਾ ਹੁਣ ਤੱਕ ਕਰੋਡ਼ਾਂ ਰੁਪਏ ਇਕੱਤਰ ਕਰ ਚੁੱਕਾ ਹੈ, ਪਰ ‘ਪਰਨਾਲਾ ਉਥੇ ਦਾ ਉਥੇ’ ਹੈ। ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਹਾਈਕੋਰਟ ਦਾ ਦਰਵਾਜਾ ਵੀ ਖਡ਼ਕਾ ਸਕਦੇ ਹਨ।
-ਸਮਾਜ ਸੇਵੀ ਟੇਕ ਚੰਦ ਤੇ ਸੋਨੂੰ ਮਹੇਸ਼ਵਰੀ ਪ੍ਰਧਾਨ ਨੌਜਵਾਨ ਵੈੱਲਫੇਅਰ ਸੰਸਥਾ।
ਰਿਸ਼ੀਪਾਲ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ, ਜਿਸਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੀ ਟੀਮ ਰੋਜ਼ਾਨਾ 15 ਤੋਂ 20 ਗਊਵੰਸ਼ ਫਡ਼੍ਹ ਕੇ ਗਊਸ਼ਾਲਾ ’ਚ ਛੱਡ ਰਹੀ ਹੈ। ਪਰ ਬਾਹਰੋਂ ਲਿਆ ਕੇ ਗਊਵੰਸ਼ ਸ਼ਹਿਰ ਵਿਚ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਗਊਵੰਸ਼ ਦੀ ਗਿਣਤੀ ਸ਼ਹਿਰ ’ਚ ਲਗਾਤਾਰ ਵਧ ਰਹੀ ਹੈ। ਇਸ ਰੁਝਾਨ ਨੂੰ ਰੋਕਣ ਖਾਤਰ ਹੀ ਵਿਚਾਰ ਕੀਤਾ ਜਾ ਰਿਹਾ ਹੈ। -ਰਿਸ਼ੀਪਾਲ
ਕਾਂਗਰਸੀ ਆਗੂ ਰਾਜ ਕੁਮਾਰ ਨੰਬਰਦਾਰ ਅਤੇ ਪਵਨ ਮਾਨੀ ਨੇ ਦੱਸਿਆ ਕਿ ਇਹ ਮਸਲਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਕਈ ਵਾਰ ਵਿਚਾਰਿਆ ਗਿਆ ਹੈ। ਇਸਨੂੰ ਗੰਭੀਰਤਾ ਨਾਲ ਲੈਦੇ ਹੋਏ ਸ. ਬਾਦਲ ਨੇ ਐਨੀਮਲ ਕੇਅਰ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ, ਜਿਸਦਾ ਰਸਮੀ ਤੌਰ ’ਤੇ ਐਲਾਨ ਹੋਣਾ ਕਿਸੇ ਸਮੇਂ ਵੀ ਸੰਭਵ ਹੈ। ਉਮੀਦ ਹੈ ਕਿ ਅਗਲੇ ਦੋ-ਤਿੰਨ ਮਹੀਨਿਆਂ ’ਚ ਸ਼ਹਿਰ ’ਚ ਇਕ ਵੀ ਬੇਸਹਾਰਾ ਪਸ਼ੂ ਨਜ਼ਰ ਨਹੀਂ ਆਵੇਗਾ।
-ਰਾਜ ਨੰਬਰਦਾਰ ਤੇ ਪਵਨ ਮਾਨੀ
