ਨੌਜਵਾਨਾਂ ਲਈ ਕਾਲ ਬਣਿਆ 'ਚਿੱਟਾ'! ਬਠਿੰਡਾ 'ਚ ਇਕ ਹਫ਼ਤੇ ਅੰਦਰ 5 ਮੌਤਾਂ

Thursday, Jul 04, 2024 - 03:06 PM (IST)

ਨੌਜਵਾਨਾਂ ਲਈ ਕਾਲ ਬਣਿਆ 'ਚਿੱਟਾ'! ਬਠਿੰਡਾ 'ਚ ਇਕ ਹਫ਼ਤੇ ਅੰਦਰ 5 ਮੌਤਾਂ

ਬਠਿੰਡਾ: ਸੂਬੇ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਇਕ ਹਫ਼ਤੇ ਵਿਚ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 5 ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 2 ਜੁਲਾਈ ਨੂੰ ਗੋਨਿਆਣਾ ਮੰਡੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਰਾਮ ਬਾਗ ਨੇੜੇ ਮਿਲੀ ਸੀ, ਜਿਸ ਦੀ ਬਾਂਹ 'ਚ ਸਰਿੰਜ ਫਸੀ ਹੋਈ ਸੀ। ਸਮਾਜ ਸੇਵੀ ਸੰਸਥਾ ਦੇ ਵਲੰਟੀਅਰ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਉਸ ਨੂੰ ਸ਼ਿਨਾਖਤ ਲਈ ਰੱਖਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ

1 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਜੇਠੂਕੇ ਵਿਖੇ 22 ਸਾਲਾ ਮਨੀ ਸਿੰਘ ਦੀ ਕਥਿਤ ਤੌਰ 'ਤੇ 'ਚਿੱਟੇ' ਦਾ ਟੀਕਾ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਸ ਨੇ ਉਸ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨਾਂ ’ਤੇ ਯੋਧਾ ਸਿੰਘ, ਰਾਜਵੀਰ ਸਿੰਘ ਉਰਫ਼ ਬੀਦੋ ਅਤੇ ਭਾਗਾ ਸਿੰਘ ਸਾਰੇ ਵਾਸੀ ਪਿੰਡ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ 28 ਜੂਨ ਨੂੰ ਬੀ.ਸੀ.ਏ. ਦੇ ਗ੍ਰੈਜੂਏਟ ਕਾਰਤਿਕ ਅਰੋੜਾ (27) ਦੀ ਬੀੜ ਤਾਲਾਬ ਵਿਖੇ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਵੀ ਇਕ ਐੱਨ.ਜੀ.ਓ. ਵਰਕਰ ਨੇ ਲਾਸ਼ ਨੂੰ ਲੱਭ ਕੇ ਸਿਵਲ ਹਸਪਤਾਲ ਪਹੁੰਚਾਇਆ। ਬਠਿੰਡਾ ਪੁਲਸ ਨੇ ਮ੍ਰਿਤਕ ਦੇ ਪਿਤਾ ਭੀਮ ਸੈਨ ਦੇ ਬਿਆਨਾਂ ’ਤੇ ਸਥਾਨਕ ਵਾਸੀ ਸ਼ਿਵਮ ਸਿੰਗਲਾ, ਵੀਰੂ ਅਤੇ ਬੂਟਾ ਸਿੰਘ ਖ਼ਿਲਾਫ਼ ਥਾਣਾ ਕੈਨਾਲ ਕਲੋਨੀ ਵਿਚ ਕੇਸ ਦਰਜ ਕਰ ਲਿਆ ਹੈ।

ਇਸ ਤੋਂ ਇਲਾਵਾ 28 ਜੂਨ ਨੂੰ ਨੌਜਵਾਨ ਖੁਸ਼ਦੀਪ ਸਿੰਘ (23) ਵਾਸੀ ਚੱਕ ਫਤਿਹ ਸਿੰਘ ਨੇ ਭੁੱਚੋ ਕੈਂਚੀਆਂ ਨੇੜੇ ਇਕ ਬੰਦ ਪੈਟਰੋਲ ਸਟੇਸ਼ਨ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ, ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਪੁਲਸ ਜਾਂਚ ਕਰ ਰਹੀ ਹੈ। ਇਕ ਹੋਰ ਘਟਨਾ ਵਿਚ 25 ਜੂਨ ਨੂੰ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਨੌ ਅਬਾਦ ਵਿਚ ਚਾਰ ਭੈਣਾਂ ਦੇ ਇਕਲੌਤੇ ਭਰਾ ਲਖਵਿੰਦਰ ਸਿੰਘ (25) ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਸ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕੁਝ ਸਮੇਂ ਤੋਂ “ਚਿੱਟੇ” ਦਾ ਆਦੀ ਸੀ।

ਇਹ ਖ਼ਬਰ ਵੀ ਪੜ੍ਹੋ  - ਸਿੱਧੂ ਮੂਸੇਵਾਲਾ ਕਤਲਕਾਂਡ: ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤਾ ਮੋੜਵਾਂ ਜਵਾਬ, ਕਹਿ ਦਿੱਤੀਆਂ ਇਹ ਗੱਲਾਂ

ਬਠਿੰਡਾ ਸਿਟੀ ਦੇ ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਮੱਗਲਰਾਂ ਨੂੰ ਫੜਨ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੁੱਧ ਲੜਾਈ ਵਿਚ ਨਾਲ ਲੈ ਕੇ ਚੱਲਣ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News