49 ਪੇਟੀਆਂ ਸ਼ਰਾਬ ਬਰਾਮਦ, ਮਾਮਲਾ ਦਰਜ

Friday, Apr 06, 2018 - 03:12 AM (IST)

49 ਪੇਟੀਆਂ ਸ਼ਰਾਬ ਬਰਾਮਦ, ਮਾਮਲਾ ਦਰਜ

ਹਰਿਆਣਾ, (ਰਾਜਪੂਤ)- ਥਾਣਾ ਹਰਿਆਣਾ ਦੀ ਪੁਲਸ ਦੁਆਰਾ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਕਰ ਕੇ ਇਕ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਏ.ਐੱਸ.ਆਈ. ਮੇਜਰ ਸਿੰਘ ਦੀ ਅਗਵਾਈ 'ਚ ਗਸ਼ਤ ਦੌਰਾਨ  ਇਕ ਨੌਜਵਾਨ ਦੀ ਕਾਰ ਨੰ. ਡੀ. ਐੱਲ. 3 ਸੀ. ਵਾਈ. 9803 'ਚੋਂ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਤਲਾਸ਼ੀ ਦੌਰਾਨ ਬਰਾਮਦ ਕੀਤੀਆਂ। ਪੁਲਸ ਵੱਲੋਂ ਪੁੱਛਗਿੱਛ ਕਰਨ 'ਤੇ ਦੋਸ਼ੀ ਦੀ ਪਛਾਣ ਸੁਖਜੀਤ ਸਿੰਘ ਉਰਫ਼ ਸਾਬੀ ਪੁੱਤਰ ਹਰਬੀਰ ਸਿੰਘ ਵਾਸੀ ਪਿੰਡ ਖਾਨਪੁਰ ਵਜੋਂ ਹੋਈ। ਪੁਲਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੇਹਟੀਆਣਾ, (ਸੰਜੀਵ)-ਇੰਸਪੈਕਟਰ ਮੁਨੀਸ਼ ਕੁਮਾਰ ਇੰਚਾਰਜ ਸਪੈਸ਼ਲ ਬ੍ਰਾਂਚ ਦੀ ਅਗਵਾਈ ਹੇਠ ਏ.ਐੱਸ.ਆਈ. ਹਰਗੋਪਾਲ ਸਿੰਘ, ਏ.ਐੱਸ.ਆਈ. ਦਵਿੰਦਰ ਸਿੰਘ, ਹੌਲਦਾਰ ਸੋਹਣ ਸਿੰਘ, ਰੂਪ ਲਾਲ ਤੇ ਥਾਣਾ ਮੇਹਟੀਆਣਾ ਦੀ ਪੁਲਸ ਸੂਚਨਾ ਦੇ ਆਧਾਰ 'ਤੇ ਪਿੰਡ ਪੰਡੋਰੀ ਕੱਦ ਵਿਖੇ ਛਾਪਾ ਮਾਰਿਆ ਤਾਂ ਜਸਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਪੰਡੋਰੀ ਕੱਦ ਦੇ ਘਰੋਂ 44 ਪੇਟੀਆਂ  ਸ਼ਰਾਬ ਬਰਾਮਦ ਹੋਈ। 
ਪੁੱਛਗਿੱਛ ਦੌਰਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਤੇ ਉਸ ਦੇ ਸਾਥੀ ਸੋਨੂੰ ਪੁੱਤਰ ਬਲਵੀਰ ਸਿੰਘ ਵਾਸੀ ਮੁਖਲਿਆਣਾ ਨੇ ਇਹ ਸ਼ਰਾਬ ਖਰੀਦੀ ਸੀ। ਪੁਲਸ ਨੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਸਾਥੀ ਸੋਨੂੰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News