46 ਸਾਲ ਪਹਿਲਾਂ ਕੈਪਟਨ ਤੇ ਗਿਆਨੀ ਜ਼ੈਲ ਸਿੰਘ ਨੇ ਰੱਖਿਆ ਸੀ ਕਾਲਜ ਦਾ ਨੀਂਹ ਪੱਥਰ, ਨਹੀਂ ਲੱਗੀ ਇਕ ਵੀ ਇੱਟ (ਵੀਡੀਓ)
Thursday, Feb 03, 2022 - 05:41 PM (IST)
ਬਠਿੰਡਾ (ਵੈੱਬ ਡੈਸਕ) : ਚੋਣਾਂ ਨੇੜੇ ਸਿਆਸੀ ਆਗੂਆਂ ਵੱਲੋਂ ਥਾਂ-ਥਾਂ ਨੀਂਹ ਪੱਥਰ ਰੱਖੇ ਜਾਂਦੇ ਹਨ ਤਾਂ ਕਿ ਵੋਟਰਾਂ ਨੂੰ ਲੁਭਾਇਆ ਜਾ ਸਕੇ ਪਰ ਸ਼ਾਇਦ ਇਹ ਆਗੂ ਨੀਂਹ ਪੱਥਰ ਰੱਖਣ ਤੋਂ ਬਾਅਦ ਉਸ ਵੱਲ ਦੇਖਦੇ ਤੱਕ ਵੀ ਨਹੀਂ। ਇਹੀ ਵਜ੍ਹਾ ਹੈ ਕਿ ਇਹ ਨੀਂਹ ਪੱਥਰ ਦਹਾਕਿਆਂ ਬਾਅਦ ਵੀ ਨੀਂਹ ਪੱਥਰ ਹੀ ਰਹਿੰਦੇ ਹਨ, ਕਿਸੇ ਇਮਾਰਤ ਦਾ ਰੂਪ ਨਹੀਂ ਲੈਂਦੇ। ਸਰਕਾਰਾਂ ਵੱਲੋਂ ਛੱਡੇ ਅਧੂਰੇ ਕੰਮਾਂ ਦੀ ਅਜਿਹੀ ਹੀ ਇਕ ਮਿਸਾਲ ਬਠਿੰਡਾ ਦੇ ਪਿੰਡ ਅਬਲੂ 'ਚ ਮਿਲੀ, ਜਿਥੇ 'ਜਗ ਬਾਣੀ' ਦੇ ਪੱਤਰਕਾਰ ਜਗਵੰਤ ਬਰਾੜ ਵੱਲੋਂ ਦੌਰਾ ਕੀਤਾ ਗਿਆ। ਬੇਸ਼ੱਕ ਅੱਜ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਘਰ-ਘਰ ਰੁਜ਼ਗਾਰ, ਨਸ਼ੇ ਖਤਮ ਕਰਨ ਤੇ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਸਨ।
ਇਹ ਵੀ ਪੜ੍ਹੋ : ਭਾਜਪਾ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ’ਚ ਲਾਗੂ ਕਰਾਂਗੇ ਨਵੀਂ ਸਿੱਖਿਆ ਪਾਲਿਸੀ
ਇਸੇ ਤਰ੍ਹਾਂ ਦਾ ਇਕ ਵਾਅਦਾ 46 ਸਾਲ ਪਹਿਲਾਂ ਇਸ ਇਲਾਕੇ ਦੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ, ਉਸ ਸਮੇਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਵਾਅਦੇ ਮੁਤਾਬਕ ਉਨ੍ਹਾਂ 1975 ਵਿਚ ਪਿੰਡ ਅਬਲੂ ਵਿਚ ਖਾਲਸਾ ਕਾਲਜ ਦਾ ਇਕ ਨੀਂਹ ਪੱਥਰ ਰੱਖਿਆ ਸੀ ਪਰ ਅੱਜ ਵੀ ਇਹ ਸਿਰਫ ਨੀਂਹ ਪੱਥਰ ਹੀ ਹੈ, ਕੋਈ ਕਾਲਜ ਨਹੀਂ ਬਣ ਸਕਿਆ। ਬੇਸ਼ੱਕ ਬਠਿੰਡਾ 'ਚ ਸਰਕਾਰੀ ਰਾਜਿੰਦਰਾ ਕਾਲਜ ਹੈ ਪਰ ਸਿੱਖਿਆ ਪੱਖੋਂ ਇਹ ਇਲਾਕਾ ਹਮੇਸ਼ਾ ਪੱਛੜਿਆ ਰਿਹਾ ਹੈ। ਉਸ ਸਮੇਂ ਦੀ ਲੋੜ ਨੂੰ ਦੇਖਦਿਆਂ 1975 'ਚ ਇਹ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਨੀਂਹ ਪੱਥਰ ਤੋਂ ਇਲਾਵਾ ਇਥੇ ਕੁਝ ਨਹੀਂ ਬਣ ਸਕਿਆ। ਸਰਕਾਰਾਂ ਵੱਲੋਂ ਕੀਤੇ ਜਾਂਦੇ ਝੂਠੇ ਵਾਅਦਿਆਂ ਦੀ ਇਹ ਇਕ ਜਿਊਂਦੀ-ਜਾਗਦੀ ਮਿਸਾਲ ਹੈ।