ਕੋਵਿਡ-19 ਦੌਰਾਨ ਸਿਵਲ ਹਸਪਤਾਲ ਬਟਾਲਾ ’ਚ 445 ਨਵ-ਜੰਮੇ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ
Monday, Aug 03, 2020 - 01:42 AM (IST)
ਬਟਾਲਾ/ਕਿਲਾ ਲਾਲ ਸਿੰਘ,(ਬੇਰੀ, ਭਗਤ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 10 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਦੌਰਾਨ ਜੱਚਾ-ਬੱਚਾ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਅਹਿਤਿਆਤ ਵਰਤੀ ਜਾ ਰਹੀ ਹੈ। ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ’ਚ 21 ਮਾਰਚ ਤੋਂ 31 ਜੁਲਾਈ 2020 ਤੱਕ 445 ਨਵ-ਜਨਮੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਇਨ੍ਹਾਂ ਸਾਰੇ ਹੀ ਬੱਚਿਆਂ ਦਾ ਜਨਮ ਕੋਵਿਡ-19 ਤੋਂ ਬਚਾਅ ਪ੍ਰਤੀ ਸਾਵਧਾਨੀਆਂ ਵਰਤਦਿਆਂ ਪੂਰੀ ਤਰ੍ਹਾਂ ਸੁਰੱਖਿਅਤ ਹੋਇਆ ਹੈ।
ਇਸ ਸਬੰਧੀ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਕੁਝ ਗਰਭਵਤੀ ਔਰਤਾਂ ਕੋਰੋਨਾ ਪਾਜ਼ੇਟਿਵ ਵੀ ਆਈਆਂ ਸਨ ਅਤੇ ਸਿਵਲ ਹਸਪਤਾਲ ਦੀ ਟੀਮ ਨੇ ਬਹੁਤ ਪੇਸ਼ੇਵਰਾਨਾ ਢੰਗ ਨਾਲ ਜਿਥੇ ਉਨ੍ਹਾਂ ਦੇ ਸੁਰੱਖਿਅਤ ਜਣੇਪੇ ਕੀਤੇ ਹਨ, ਉਥੇ ਪਾਜ਼ੇਟਿਵ ਮਾਂਵਾਂ ਦਾ ਇਲਾਜ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਣ ਬਟਾਲਾ ਸਿਵਲ ਹਸਪਤਾਲ ’ਚ ਜਣੇਪਿਆਂ ਦੀ ਗਿਣਤੀ ਵਧੀ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ’ਚ ਵਿਸ਼ਵਾਸ ਪਹਿਲਾਂ ਨਾਲੋਂ ਵਧਿਆ ਹੈ। ਡਾ. ਭੱਲਾ ਨੇ ਕਿਹਾ ਕਿ ਬਟਾਲਾ ਦਾ ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ ਇਥੇ ਜੱਚਾ ਅਤੇ ਬੱਚਾ ਦੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।