ਲੋਕ ਸਭਾ ''ਚ 41 ਸੀਟਾਂ ਵਧੀਆਂ, ਗੁਜਰਾਤ ''ਚ ਸਰਕਾਰ ਬਣੀ, ਮਹਾਰਾਸ਼ਟਰ ''ਚ ਵੀ ਹੋਇਆ ਫਾਇਦਾ
Wednesday, Dec 06, 2017 - 06:45 AM (IST)
ਜਲੰਧਰ (ਨਰੇਸ਼) - ਅਯੁੱਧਿਆ ਦੇ ਵਿਵਾਦਤ ਢਾਂਚੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਚੱਲ ਰਹੀ ਸੁਣਵਾਈ ਦੌਰਾਨ ਸੁੰਨੀ ਵਕਫ ਬੋਰਡ ਦੇ ਵਕੀਲ ਕਪਿਲ ਸਿੱਬਲ ਵੱਲੋਂ ਸੁਣਵਾਈ ਨੂੰ ਜੁਲਾਈ 2019 ਤੱਕ ਟਾਲਣ ਦੀ ਮੰਗ ਦੇ ਪਿੱਛੇ ਜੋ ਤਰਕ ਦਿੱਤਾ ਜਾ ਰਿਹਾ ਹੈ, ਅੰਕੜਿਆਂ ਦੇ ਹਿਸਾਬ ਨਾਲ ਇਹ ਕੁਝ ਹੱਦ ਤੱਕ ਠੀਕ ਵੀ ਲੱਗ ਰਿਹਾ ਹੈ ਪਰ ਜੇਕਰ ਅਸੀਂ ਚੋਣ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਵਿਵਾਦਤ ਢਾਂਚਾ ਡੇਗੇ ਜਾਣ ਤੋਂ ਬਾਅਦ ਭਾਜਪਾ ਨੂੰ ਇਸ ਨਾਲ ਸਿਆਸੀ ਫਾਇਦਿਆਂ ਦੇ ਨਾਲ-ਨਾਲ ਨੁਕਸਾਨ ਵੀ ਹੋਇਆ ਹੈ।
1991 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਲੋਕ ਸਭਾ ਦੀਆਂ 120 ਸੀਟਾਂ 'ਤੇ ਚੋਣ ਜਿੱਤੀ ਸੀ। ਭਾਜਪਾ ਲਈ ਸਭ ਤੋਂ ਅਹਿਮ ਸਿਆਸੀ ਸਫਲਤਾ ਗੁਜਰਾਤ 'ਚ ਰਹੀ ਸੀ ਕਿਉਂਕਿ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਮ ਮੰਦਰ ਨੂੰ ਲੈ ਕੇ ਸੋਮਨਾਥ ਤੋਂ ਹੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। 6 ਦਸੰਬਰ 1992 ਨੂੰ ਵਿਵਾਦਤ ਢਾਂਚਾ ਡੇਗੇ ਜਾਣ ਦੇ 3 ਸਾਲ ਬਾਅਦ ਗੁਜਰਾਤ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ 121 ਸੀਟਾਂ ਹਾਸਲ ਹੋਈਆਂ ਸਨ, ਜਦਕਿ ਇਸ ਤੋਂ ਪਹਿਲਾਂ 1990 'ਚ ਉਹ ਸਿਰਫ 67 ਸੀਟਾਂ ਵਾਲੀ ਪਾਰਟੀ ਸੀ।
ਭਾਜਪਾ ਨੂੰ ਮਹਾਰਾਸ਼ਟਰ ਅਤੇ ਰਾਜਸਥਾਨ 'ਚ ਇਸ ਦਾ ਸਿਆਸੀ ਫਾਇਦਾ ਹੋਇਆ। ਮਹਾਰਾਸ਼ਟਰ 'ਚ 1990 'ਚ ਹੋਈਆਂ ਚੋਣਾਂ 'ਚ ਭਾਜਪਾ ਨੂੰ 42 ਸੀਟਾਂ ਮਿਲੀਆਂ ਸਨ, ਜਦਕਿ ਉਸ ਦੀ ਸਹਿਯੋਗੀ ਅਤੇ ਇਕੋ ਜਿਹੀ ਵਿਚਾਰਧਾਰਾ ਵਾਲੀ ਸ਼ਿਵ ਸੈਨਾ ਨੂੰ 52 ਸੀਟਾਂ ਹਾਸਲ ਹੋਈਆਂ ਹਨ।
ਕਾਂਗਰਸ ਨੂੰ ਇਸ ਦੌਰਾਨ 141 ਸੀਟਾਂ ਮਿਲੀਆਂ, ਜਦ ਕਿ 1995 ਦੀਆਂ ਚੋਣਾਂ ਵਿਚ ਭਾਜਪਾ ਦੀਆਂ ਸੀਟਾਂ ਵਧ ਕੇ 65 ਅਤੇ ਸ਼ਿਵ ਸੈਨਾ ਦੀਆਂ ਸੀਟਾਂ ਵਧ ਕੇ 73 ਹੋ ਗਈਆਂ। ਕਾਂਗਰਸ ਨੂੰ 61 ਸੀਟਾਂ ਦਾ ਨੁਕਸਾਨ ਹੋਇਆ ਅਤੇ ਉਹ 80 ਸੀਟਾਂ 'ਤੇ ਸਿਮਟ ਗਈ। ਰਾਜਸਥਾਨ ਵਿਚ ਵੀ ਭਾਜਪਾ ਨੂੰ 1990 ਵਿਚ 85 ਸੀਟਾਂ ਮਿਲੀਆਂ ਸਨ ਜੋ ਕਿ 1993 ਵਿਚ ਵਧ ਕੇ 95 ਹੋ ਗਈਆਂ। ਹਾਲਾਂਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ ਭਾਜਪਾ ਨਾਲੋਂ ਜ਼ਿਆਦਾ ਫਾਇਦਾ ਹੋਇਆ ਅਤੇ ਉਸ ਦੀਆਂ ਸੀਟਾਂ 1990 ਦੇ 50 ਅੰਕੜਿਆਂ ਦੇ ਮੁਕਾਬਲੇ ਵਧ ਕੇ 76 ਹੋ ਗਈਆਂ। ਇਸ ਦੌਰਾਨ ਜਨਤਾ ਦਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਅਤੇ ਉਸ ਦੀਆਂ ਸੀਟਾਂ 55 ਤੋਂ ਘਟ ਕੇ 6 ਰਹਿ ਗਈਆਂ।
ਯੂ. ਪੀ. 'ਚ ਝਟਕਾ, ਰਾਸ਼ਟਰਪਤੀ ਸ਼ਾਸਨ ਲੱਗਾ
6 ਦਸੰਬਰ 1992 ਨੂੰ ਅਯੁੱਧਿਆ ਵਿਚ ਵਿਵਾਦਤ ਢਾਂਚਾ ਡੇਗੇ ਜਾਣ ਸਮੇਂ ਕਲਿਆਣ ਸਿੰਘ ਸੂਬੇ ਦੇ ਮੁੱਖ ਮੰਤਰੀ ਸਨ। ਭਾਜਪਾ 221 ਸੀਟਾਂ ਨਾਲ ਵਿਧਾਨ ਸਭਾ ਵਿਚ ਸਪੱਸ਼ਟ ਬਹੁਮਤ ਵਿਚ ਸੀ ਪਰ ਵਿਵਾਦਤ ਢਾਂਚਾ ਡਿੱਗਣ ਤੋਂ ਬਾਅਦ ਸੂਬੇ 'ਚ ਗ੍ਰਹਿ ਯੁੱਧ ਦੇ ਹਾਲਾਤ ਪੈਦਾ ਹੋ ਗਏ ਅਤੇ ਕੇਂਦਰ ਦੀ ਰਾਜੀਵ ਗਾਂਧੀ ਸਰਕਾਰ ਨੇ ਤਤਕਾਲੀਨ ਮੁੱਖ ਮੰਤਰੀ ਕਲਿਆਣ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ 1993 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਸ ਦਾ ਨੁਕਸਾਨ ਹੋਇਆ ਅਤੇ ਪਾਰਟੀ 177 ਸੀਟਾਂ 'ਤੇ ਸਿਮਟ ਗਈ।
