400 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਪੰਥ ਵੱਲੋਂ 1 ਮਈ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ : ਬੀਬੀ ਜਗੀਰ ਕੌਰ
Sunday, Apr 11, 2021 - 05:56 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਧਰਮ ਪ੍ਰਚਾਰ ਕਮੇਟੀ ਵਲੋਂ ਸ਼ਹੀਦੀ ਸਾਕਾ ਨਨਕਾਣਾ ਸਾਹਿਬ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਲੀਡਰ ਸਿੰਘ ਦੀ ਦੇਖ-ਰੇਖ ਹੇਠ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਦੇ ਵਿਸ਼ੇਸ਼ ਉਪਰਾਲੇ ਨਾਲ ਆਯੋਜਿਤ ਇਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਪੁੱਜੇ । ਇਸ ਸਮੇਂ ਵੱਖ-ਵੱਖ ਪ੍ਰਚਾਰਕਾਂ ਤੇ ਰਾਗੀ ਸਾਹਿਬਾਨ ਵਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ।
ਉਨ੍ਹਾਂ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਪੰਥ ਵੱਲੋਂ 1 ਮਈ ਨੂੰ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ, ਉਸ ਸਮੇਂ ਦੇਸ਼ ’ਚ ਫਿਰਕਾਪ੍ਰਸਤੀ ਫੈਲੀ ਹੋਈ ਸੀ। ਉਸ ਸਮੇਂ ਦੇ ਹਾਕਮ ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕਰ ਰਹੇ ਸਨ। ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ’ਚ ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਰਪ੍ਰਸਤੀ ਹੇਠ ਘੱਟਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਸਮੁੱਚੇ ਪੰਥ ਨੂੰ ਸ਼ਤਾਬਦੀ ਸਮਾਗਮਾਂ ’ਚ ਵਧ-ਚੜ੍ਹ ਕੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ।
ਇਸ ਸਮੇਂ ਸੰਤ ਬਾਬਾ ਲੀਡਰ ਸਿੰਘ ਨੇ ਬੀਬੀ ਜਗੀਰ ਕੌਰ ਪ੍ਰਧਾਨ, ਜਥੇ ਜਰਨੈਲ ਸਿੰਘ ਡੋਗਰਾਵਾਲ ਤੇ ਭਾਈ ਹਰਜੀਤ ਸਿੰਘ ਪ੍ਰਚਾਰਕ ਇੰਚਾਰਜ ਦਾ ਸਨਮਾਨ ਕੀਤਾ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਮੁੱਖ ਪ੍ਰਚਾਰਕ ਅਤੇ ਭਾਈ ਗੁਰਦੀਪ ਸਿੰਘ ਕਥਾਵਾਚਕ ਨੇ ਸਾਕਾ ਨਨਕਾਣਾ ਸਾਹਿਬ ਅਤੇ ਸਿੱਖ ਵਿਰਸੇ ਤੇ ਰਹਿਤ ਮਰਿਯਾਦਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ । ਭਾਈ ਗੁਰਭੇਜ ਸਿੰਘ ਚਮਿੰਡਾ ਢਾਡੀ ਜਥਾ ਧਰਮ ਪ੍ਰਚਾਰ ਕਮੇਟੀ ,ਭਾਈ ਦੇਸਾ ਸਿੰਘ ਦਲੇਰ ਢਾਡੀ ਜਥਾ ,ਭਾਈ ਗੁਰਜੀਤ ਸਿੰਘ ਭੱਠਲ ਕਵੀਸ਼ਰੀ ਜਥਾ , ਭਾਈ ਗੁਰਵਿੰਦਰ ਸਿੰਘ ਗੁਰਦਾਸਪੁਰ ਪ੍ਰਚਾਰਕ ,ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਅਤੇ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਜਥਾ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ, ਭਾਈ ਸੁਖਵਿੰਦਰ ਸਿੰਘ ਮੋਨੀ ਹਜੂਰੀ ਰਾਗੀ ਜਥਾ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਨੇ ਹਾਜ਼ਰੀ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸ ਨਾਲ ਜੋੜਿਆ। ਇਸ ਮੌਕੇ ਸਟੇਜ ਸੰਚਾਲਨ ਦੀ ਸੇਵਾ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਅਤੇ ਭਾਈ ਗੁਰਵਿੰਦਰ ਸਿੰਘ ਪ੍ਰਚਾਰਕ ਨੇ ਨਿਭਾਈ।