ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

Friday, Apr 29, 2022 - 02:39 PM (IST)

ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਬਰਨਾਲਾ (ਪੁਨੀਤ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇਕ 40 ਸਾਲਾ ਵਿਅਕਤੀ ਵਲੋਂ 8 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕੀਤੀ ਗਈ। ਇਸ ਸ਼ਰਮਨਾਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਬੱਚੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ’ਚ ਖੇਡ ਰਿਹਾ ਸੀ, ਉਦੋਂ ਦੋਸ਼ੀ ਉਸ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨਾਲ ਸਰੀਰਿਕ ਸੋਸ਼ਣ ਕੀਤਾ ਅਤੇ ਉਸਦਾ ਮੂੰਹ ਦਬਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਉੱਥੇ ਹੀ ਇਸ ਦੁਖਦਾਈ ਘਟਨਾ ’ਤੇ ਪੀੜ੍ਹਤ ਬੱਚੇ ਦੀ ਮਾਤਾ ਹਰਪ੍ਰੀਤ ਕੌਰ ਅਤੇ ਦਾਦਾ ਬਿੱਲੂ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇਕ 40 ਸਾਲਾ ਕਿਸਾਨ ਬਲਬੀਰ ਸਿੰਘ ਗਰਾਊਂਡ ’ਚ ਖੇਡ ਰਹੇ ਉਨ੍ਹਾਂ ਦੇ 8 ਸਾਲਾ ਪੁੱਤਰ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨੇ ਬੱਚੇ ਨਾਲ ਇਹ ਸ਼ਰਮਨਾਕ ਹਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਬੱਚੇ ਨੂੰ ਦਾਖਲ ਕਰਵਾਉਣ ਗਏ ਤਾਂ ਉਨ੍ਹਾਂ ਨੇ ਬੱਚੇ ਨੂੰ ਦਾਖ਼ਲ ਕਰਨ ਤੋਂ ਜਵਾਬ ਦੇ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਧਨੌਲਾ ਦੇ ਸਰਕਾਰ ਹਸਪਤਾਲ ’ਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਬੱਚੇ ਦੇ ਖੂਨ ਵਾਲੇ ਕੱਪੜੇ ਪੁਲਸ ਅਤੇ ਸਰਪੰਚ ਨੂੰ ਦਿਖਾ ਦਿੱਤੇ ਹਨ। ਉਨ੍ਹਾਂ ਇਸ ਦੁਖਦਾਈ ਘਟਨਾ ’ਤੇ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਸਕੂਲ ਦੇ ਗਰਾਊਂਡ ’ਚ ਖੇਡ ਰਿਹਾ ਸੀ ਉਦੋਂ ਹੀ ਪਿੰਡ ਦਾ ਇਕ ਵਿਅਕਤੀ ਬਲਬੀਰ ਸਿੰਘ ਬੱਚੇ ਨੂੰ ਚੁੱਕੇ ਕੇ ਲੈ ਗਿਆ ਅਤੇ ਬੱਚੇ ਨਾਲ ਜਬਰ ਜਿਨਾਹ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਪੀੜ੍ਹਤ ਬੱਚੇ ਦੇ ਦਾਦਾ ਬਿੱਲੂ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਬਲਬੀਰ ਸਿੰਘ ਖ਼ਿਲਾਫ਼ ਪੋਸਕੋ ਐਕਟ ਅਤੇ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News