ਟੈਡੀਬੀਅਰ ਤੇ ਜੂਸ ਦੇ ਡੱਬੇ 'ਚ ਲੁਕਾ ਕੇ ਲਿਜਾ ਰਹੇ ਸਨ ਹੈਰੋਇਨ, ਫੜੇ 4 ਸਮੱਗਲਰ

01/05/2019 5:53:54 PM

ਜਲੰਧਰ (ਕਮਲੇਸ਼, ਸੋਨੂੰ) — ਜਲੰਧਰ ਦਿਹਾਤੀ ਪੁਲਸ ਨੇ ਅੱਜ ਦੋ ਵਿਦੇਸ਼ੀ ਔਰਤਾਂ ਸਮੇਤ ਚਾਰ ਲੋਕਾਂ ਨੂੰ 10 ਕਰੋੜ ਦੀ ਹੈਰੋਇਨ, ਇਕ ਸਵਿੱਫਟ ਕਾਰ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਲੋਕ ਇਕ ਟੇਡੀ ਬੀਅਰ ਅਤੇ ਜੂਸ ਦੇ ਡੱਬੇ 'ਚ ਲੁਕਾ ਕੇ ਇਸ ਹੈਰੋਇਨ ਨੂੰ ਸਪਲਾਈ ਕਰਨ ਜਾ ਰਹੇ ਸਨ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਮਾਹਲ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਰਮਨਦੀਪ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਟਾਫ ਨਾਲ ਬਿਧੀਪੁਰ ਫਾਟਕ ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਥੋਂ ਲੰਘ ਰਹੀ ਇਕ ਨੀਲੇ ਰੰਗ ਦੀ ਸਵਿੱਫਟ ਕਾਰ ਨੂੰ ਰੋਕਿਆ ਤਾਂ ਉਸ 'ਚ ਦੋ ਔਰਤਾਂ ਅਤੇ ਦੋ ਪੁਰਸ਼ ਬੈਠੇ ਸਨ। ਕਾਰ 'ਚ ਬੈਠੀਆਂ ਔਰਤਾਂ ਦੀ ਗੋਦੀ 'ਚ ਇਕੇ ਟੇਡੀ ਬੀਅਰ ਅਤੇ ਜੂਸ ਦਾ ਪੈਕੇਟ ਰੱਖਿਆ ਹੋਇਆ ਸੀ। ਪੁਲਸ ਮੁਤਾਬਕ ਜਦੋਂ ਉਨ੍ਹਾਂ ਨੇ ਇਸ ਸਾਮਾਨ ਨੂੰ ਚੈੱਕ ਕੀਤਾ ਤਾਂ ਇਸ 'ਚ ਦੋ ਕਿਲੋ ਹੈਰੋਇਨ ਭਰੀ ਹੋਈ ਸੀ, ਜੋ ਪੁਲਸ ਨੇ ਬਰਾਮਦ ਕਰ ਲਈ। ਮੁਲਜ਼ਮਾਂ ਦੀ ਪਛਾਣ ਓਹਾਸ ਉਗੋ ਪੁੱਤਰ ਚਿਮੇਜੀ ਵਾਸੀ ਓਲੀ ਸਿਟੀ ਲੋਗੇਸ਼ ਨਾਈਜੀਰੀਆ, ਅਮੀਰ ਅਲੀ ਪੁੱਤਰ ਮੁਹੰਮਦ ਨਈਮ ਵਾਸੀ ਤਿਲਕ ਨਗਰ ਦਿੱਲੀ ਹਾਲ ਵਾਸੀ ਜਨਕਪੁਰੀ ਦਿੱਲੀ, ਮਾਫਿਊ ਪਤਨੀ ਟੇਲੇ ਵਾਸੀ ਤੁਥਾਂਗੀ ਐਜਵਾਲ ਮਿਜ਼ੋਰਮ ਹਾਲ ਵਾਸੀ ਜਨਕਪੁਰੀ ਦਿੱਲੀ, ਚੋਥਾਤਗਪੁਈ ਪੁੱਤਰੀ ਪਚੂਆਊ ਵਾਸੀ ਚਾਲਤਲਾਂਗ ਐਜਵਾਲ ਮਿਜ਼ੋਰਮ ਹਾਲ ਵਾਸੀ ਉਤਮ ਨਗਰ ਵੈਸਟ ਦਿੱਲੀ ਵਜੋਂ ਹੋਈ ਹੈ। ਮੁਲਜ਼ਮਾਂ ਦੇ ਖਿਲਾਫ  ਮਕਸੂਦਾਂ ਥਾਣੇ ਵਿਚ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਵਿਫਟ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।

ਸਾਰੇ ਮੁਲਜ਼ਮਾਂ ਦੇ ਮੋਬਾਇਲ ਖੰਗਾਲੇ ਜਾਣਗੇ
ਐੱਸ. ਐੱਸ. ਪੀ. ਮਾਹਲ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਦੇ ਮੋਬਾਇਲ ਖੰਗਾਲੇ ਜਾ ਰਹੇ ਹਨ। ਮੁਲਜ਼ਮਾਂ ਦੇ ਡਰੱਗ  ਕੰਟੈਕਟ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਵੱਡਾ ਟਾਰਗੈੱਟ ਇਹ ਜਾਣਨਾ ਹੋਵੇਗਾ ਕਿ ਇੰਨੀ ਵੱਡੀ ਡਿਲਿਵਰੀ ਕੌਣ ਲੈਣ ਵਾਲਾ ਸੀ। 

3 ਸਾਲ ਪਹਿਲਾਂ ਬਿਜ਼ਨੈੱਸ ਵੀਜ਼ੇ 'ਤੇ ਭਾਰਤ ਆਇਆ ਸੀ ਓਹਾਸ
ਕੇਸ 'ਚ ਮੁਲਜ਼ਮ ਓਹਾਸ ਉਗੋ ਤਿੰਨ ਸਾਲ ਪਹਿਲਾਂ ਨਾਈਜੀਰੀਆ ਤੋਂ ਭਾਰਤ ਵੀਜ਼ਾ 'ਤੇ ਆਇਆ ਸੀ ਅਤੇ ਇਥੇ ਆ ਕੇ ਉਸ ਨੇ ਹੈਰੋਇਨ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ। ਓਹਾਸ 'ਤੇ ਪਹਿਲਾਂ ਵੀ  ਐੱਸ. ਟੀ. ਐੱਫ. ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਐੱਨ. ਡੀ. ਪੀ. ਐੱਸ. ਅਤੇ 14  ਫਾਰਨਰਸ ਐਕਟ ਸਮੇਤ ਮਾਮਲਾ ਦਰਜ ਕੀਤਾ ਸੀ। ਪੁਲਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦਾ ਵੀਜ਼ਾ ਐਕਸਪਾਇਰ ਹੋ ਚੁੱਕਾ ਹੈ ਜਾਂ ਨਹੀਂ। 

ਪੈਸਿਆਂ ਦੇ ਲਾਲਚ 'ਚ ਚੋਥਾਤਗਪੁਈ ਹੇਅਰ ਡਰੈਸਰ ਤੋਂ ਬਣ ਗਈ ਡਰੱਗ ਪੈਡਲਰ
ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਚੋਥਾਤਗਪੁਈ ਕੁਝ ਸਾਲ ਪਹਿਲਾਂ ਦਿੱਲੀ ਵਿਚ ਆਈ ਸੀ। ਉਹ ਇਕ ਪ੍ਰੋਫੈਸ਼ਨਲ ਹੇਅਰ ਡਰੈਸਰ ਹੈ। ਮੁਲਜ਼ਮ ਓਹਾਸ ਦੀ ਪਤਨੀ ਇਸਬਾਇਲ ਚੋਥਾਤਗਪੁਈ ਦੇ ਨਾਲ ਹੀ ਹੇਅਰ ਡਰੈਸਰ ਦਾ ਕੰਮ ਕਰਦੀ ਸੀ ਅਤੇ ਪੈਸਿਆਂ ਦੇ ਲਾਲਚ ਵਿਚ ਉਹ ਡਰੱਗ ਪੈਡਲਰ ਬਣ ਗਈ। ਉਹ ਓਹਾਸ ਉਗੋ ਤੋਂ ਹੈਰੋਇਨ ਖਰੀਦਦੀ ਸੀ ਅਤੇ ਫਿਰ ਅੱਗੇ ਸਪਲਾਈ ਕਰਦੀ ਸੀ। 

'ਜਗ ਬਾਣੀ' ਇਨਵੈਸਟੀਗੇਸ਼ਨ :  ਜੂਮ ਕਾਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਰਜਿਸਟਰਡ ਹੈ ਸਮੱਗਲਰਾਂ ਤੋਂ ਕਾਬੂ ਕੀਤੀ ਗਈ ਕਾਰ ਮੁਲਜ਼ਮ  4 ਸਮੱਗਲਰਾਂ ਤੋਂ ਕਾਬੂ ਕੀਤੀ ਗਈ ਨੀਲੇ ਰੰਗ ਦੀ ਸਵਿਫਟ ਕਾਰ ਨੰਬਰ ਪੀ. ਬੀ. 01 ਐੱਨ. 0240  ਜੂਮ ਕਾਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਰਜਿਸਟਰਡ ਹੈ। ਉਕਤ ਕੰਪਨੀ ਰੈਂਟ 'ਤੇ ਆਪਣੀ ਕਾਰ ਡਰਾਈਵ ਲਈ ਦਿੰਦੀ ਹੈ। ਇਸ ਬਾਰੇ ਜਦੋਂ ਜੂਮ ਕਾਰ ਦੇ ਦਫਤਰ 'ਚ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮੇਂ ਸਰਵਰ ਨੂੰ ਅਕਸੈੱਸ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੁਖਤਾ ਪਛਾਣ ਪੱਤਰ ਲੈ ਕੇ ਹੀ ਕਾਰ ਰੈਂਟ 'ਤੇ ਦਿੰਦੀ ਹੈ ਅਤੇ ਜੇਕਰ ਕੋਈ ਹੈਰੋਇਨ ਦੇ ਨਾਲ ਫੜਿਆ ਵੀ ਗਿਆ ਤਾਂ ਉਨ੍ਹਾਂ ਦਾ ਕੋਈ  ਲੈਣਾ-ਦੇਣਾ ਨਹੀਂ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਮੁਲਜ਼ਮ ਕਾਫੀ ਸ਼ਾਤਿਰ ਹਨ ਅਤੇ ਰੈਂਟ 'ਤੇ ਲਈ ਹੋਈ ਕਾਰ ਰਾਹੀਂ ਹੈਰੋਇਨ ਦੀ ਡਿਲਿਵਰੀ ਕਰਨ ਦੀ ਤਾਕ 'ਚ ਸਨ। 


shivani attri

Content Editor

Related News