ਉਦਯੋਗਾਂ ਦੀ ਖੁਸ਼ਹਾਲੀ ਲਈ ਸਥਾਪਤ ਕੀਤੇ ਜਾ ਰਹੇ ਹਨ 4 ਨਵੇਂ ਉਦਯੋਗਿਕ ਪਾਰਕ : ਸੁੰਦਰ ਸ਼ਾਮ ਅਰੋੜਾ

7/10/2020 2:52:49 PM

ਫਰੀਦਕੋਟ(ਜਗਤਾਰ ਦੁਸਾਂਝ) — ਪੰਜਾਬ ਸਰਕਾਰ ਵੱਲੋਂ 1000 ਕਰੋੜ ਰੁਪਏ ਦੀ ਲਾਗਤ ਨਾਲ 3500 ਏਕੜ ਤੋਂ ਵਧੇਰੇ ਰਕਬੇ ਵਿਚ ਚਾਰ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਤਪਾਦਨ ਸਮੂਹ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਬੇ ਵਿਚ ਉਦਯੋਗਿਕ ਵਿਕਾਸ ਅਤੇ ਖੁਸ਼ਹਾਲੀ ਲਈ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਬਠਿੰਡਾ ਵਿਚ ਲਗਭਗ 3500 ਏਕੜ ਰਕਬੇ ਵਿਚ ਨਵੇਂ ਉਦਯੋਗਿਕ ਪਾਰਕ ਏਕੀਕ੍ਰਿਤ ਉਤਪਾਦਨ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਦੇ ਉਦਯੋਗਿਕ ਅਤੇ ਖਰੀਦ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕੋਟਕਪੂਰਾ ਵਿਚ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ (ਆਈ.ਆਈ.ਡੀ.) ਪ੍ਰੋਜੈਕਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।

PunjabKesari

ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਪਰੋਕਤ ਚਾਰ ਪ੍ਰੋਜੈਕਟ ਵੱਡੇ ਪੱਧਰ 'ਤੇ ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ ਉਥੇ ਉਹ ਸੂਬੇ ਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਦੇ ਵਿਕਾਸ ਵਿਚ ਵੀ ਵੱਡਾ ਯੋਗਦਾਨ ਪਾਉਣ ਵਿਚ ਸਹਾਇਤਾ ਕਰਨਗੇ। ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਗੇ ਦੱਸਿਆ ਕਿ ਉਦਯੋਗਿਕ ਫੋਕਲ ਪੁਆਇੰਟ ਕੋਟਕਪੂਰਾ ਦੇ ਨਵੀਨੀਕਰਨ ਲਈ 10 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਚ ਸੜਕਾਂ ਦੇ ਨਵੀਨੀਕਰਨ, ਬਿਲਡਿੰਗਾਂ ਦੇ ਨਵੀਨੀਕਰਨ, ਆਰ.ਓ. ਲਗਾਉਣ, ਬਿਜਲੀ ਸੁਧਾਰਾਂ, ਹਰਿਆਲੀ ਅਤੇ ਹੋਰ ਕੰਮਾਂ 'ਤੇ ਇਹ ਰਾਸ਼ੀ ਖਰਚ ਕੀਤੀ ਜਾਵੇਗੀ।
 


Harinder Kaur

Content Editor Harinder Kaur