ਨਵਾਂਸ਼ਹਿਰ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਦੀ ਮੌਤ, 82 ਪਾਜ਼ੇਟਿਵ
Sunday, Feb 14, 2021 - 01:11 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)– ਨਵਾਂਸ਼ਹਿਰ ’ਚ 3 ਔਰਤਾਂ ਸਮੇਤ 4 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਹੈ ਜਦਕਿ 45 ਸਕੂਲ ਵਿਦਿਆਰਥੀਆਂ ਸਣੇ 82 ਨਵੇਂ ਮਾਮਲੇ ਡਿਟੈਕਟ ਹੋਏ ਹਨ। ਜਿਸ ਨਾਲ ਲੋਕਾਂ ਵਿਸ਼ੇਸ਼ ਤੌਰ ’ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਮਾਪੇ ਚਿੰਤਾ ’ਚ ਹਨ। ਇੱਥੇ ਇਹ ਦੱਸਣ ਯੋਗ ਹੈ ਕਿ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਕਈ ਵਿਦਿਆਰਥੀ ਅਤੇ ਅਧਿਆਪਕਾਂ ਪਿਛਲੇ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਮੁਜ਼ੱਫਰਪੁਰ ’ਚ 37, ਨਵਾਂਸ਼ਹਿਰ ’ਚ 18, ਰਾਹੋਂ ’ਚ 9, ਸੁੱਜੋਂ ’ਚ 7, ਮੁਕੰਦਪੁਰ ’ਚ 6, ਬੰਗਾ ਅਤੇ ਬਲਾਚੌਰ ’ਚ 2-2 ਅਤੇ ਸੜੋਆ ’ਚ 1 ਨਵਾਂ ਕੋਰੋਨਾ ਮਰੀਜ਼ ਡਿਟੈਕਟ ਹੋਇਆ ਹੈ। ਡਾ. ਕਪੂਰ ਨੇ ਦੱਸਿਆ ਕਿ ਬਲਾਕ ਮੁਜਫਰਪੁਰ ਦੀ 59 ਸਾਲ ਦੀ ਮਹਿਲਾ ਜਿਹੜੀ ਟੀ. ਬੀ. ਅਤੇ ਸ਼ੂਗਰ ਨਾਲ ਪੀੜਤ ਸੀ ਦੀ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ, ਬਲਾਚੌਰ ਦੀ 87 ਸਾਲ ਦੀ ਹਾਈਪਰਟੈਨਸ਼ਨ ਨਾਲ ਪੀਡ਼ਤ ਔਰਤ, ਮੁਕੰਦਪੁਰ ਦੀ 66 ਸਾਲ ਦੀ ਔਰਤ ਅੇਤ ਬਲਾਕ ਬਲਾਚੌਰ ਦਾ 66 ਸਾਲ ਦਾ ਵਿਅਕਤੀ ਜਿਹੜਾ ਹਾਈਪਰਟੈਨਸ਼ਨ ਨਾਲ ਪੀੜਤ ਸੀ ਦੀ ਕੋਰੋਨਾ ਨਾਲ ਮੌਤ ਹੋਣ ਕਾਰਣ ਜ਼ਿਲ੍ਹੇ ਵਿਚ ਮ੍ਰਿਤਕਾਂ ਦੀ ਗਿਣਤੀ 96 ਹੋ ਗਈ ਹੈ।
ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 1,17,309 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਹੈ ਜਿਨ੍ਹਾਂ ’ਚੋਂ 3104 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 2617 ਰਿਕਵਰ ਹੋ ਚੁੱਕੇ ਹਨ ਅਤੇ 394 ਐਕਟਿਵ ਮਰੀਜ਼ ਹਨ। ਡਾ.ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 361 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ. ਕਪੂਰ ਨੇ ਦੱਸਿਆ ਕਿ ਅੱਜ 668 ਨਵੇਂ ਸੈਂਪਲ ਲਏ ਗਏ ਹਨ।