ਧੁੰਦ ਕਾਰਨ ਕਾਰ ਨਹਿਰ ''ਚ ਡਿੱਗੀ, 4 ਦੀ ਮੌਤ
Saturday, Nov 04, 2017 - 07:03 AM (IST)

ਅਬੋਹਰ (ਸੁਨੀਲ, ਰਹੇਜਾ) - ਇਕ ਪਾਸੇ ਜਿਥੇ ਸ਼ੁੱਕਰਵਾਰ ਨੂੰ ਠੰਡ ਨੇ ਦਸਤਕ ਦਿੱਤੀ ਤੇ ਅੱਜ ਸਵੇਰੇ ਹੀ ਆਸਮਾਨ 'ਤੇ ਗਹਿਰੀ ਧੁੰਦ ਦੀ ਚਾਦਰ ਫੈਲ ਗਈ। ਲੋਕ ਜਿਥੇ ਕੰਬਦੇ ਹੋਏ ਨਜ਼ਰ ਆਏ, ਉਥੇ ਸੰਘਣੀ ਧੁੰਦ ਕਾਰਨ ਪਿੰਡ ਬੁਰਜ ਮੁਹਾਰ ਦੇ ਨੇੜੇ ਇਕ ਕਾਰ ਨਹਿਰ ਵਿਚ ਜਾ ਡਿੱਗੀ, ਜਿਸ ਨਾਲ ਕਾਰ ਵਿਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਫੱਟੜ ਹੋ ਗਿਆ। ਇਹ ਸਾਰੇ ਲੋਕ ਪਿੰਡ ਰਹੂੜਿਆਂਵਾਲੀ ਵਿਖੇ ਇਕ ਵਿਆਹ 'ਤੇ ਆ ਰਹੇ ਸਨ।
ਲਾਸ਼ਾਂ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਵਿਆਹ ਦੀ ਖੁਸ਼ੀ ਮਾਤਮ ਵਿਚ ਬਦਲ ਗਈ। ਜਾਣਕਾਰੀ ਮੁਤਾਬਕ ਰਹੂੜਿਆਂਵਾਲੀ ਵਾਸੀ ਹਰੀ ਓਮ ਪੁੱਤਰ ਸੋਹਨ ਲਾਲ ਦੇ ਵਿਆਹ ਵਿਚ ਉਸ ਦਾ ਜੀਜਾ 40 ਸਾਲਾ ਦੀਪਕ ਕੁਮਾਰ ਪੁੱਤਰ ਇੰਮੀ ਲਾਲ ਆਪਣੇ ਪਰਿਵਾਰ ਸਮੇਤ ਆਇਆ ਹੋਇਆ ਸੀ। ਅੱਜ ਸਵੇਰੇ ਪਿੰਡ ਦਾ ਹੀ ਕਾਰ ਚਾਲਕ ਕ੍ਰਿਸ਼ਨਾ ਪੁੱਤਰ ਕਾਂਸ਼ੀ ਰਾਮ ਆਪਣੀ ਕਾਰ ਵਿਚ ਦੀਪਕ ਕੁਮਾਰ ਤੇ ਉਸ ਦੇ ਦੋ ਪੁੱਤਰਾਂ 12 ਸਾਲਾ ਆਦੀ, 15 ਸਾਲਾ ਮਾਨਯਾ ਤੇ ਇਕ ਹੋਰ ਰਿਸ਼ਤੇਦਾਰ 40 ਸਾਲਾ ਕੈਲਾਸ਼ ਪੁੱਤਰ ਕਾਂਸ਼ੀ ਰਾਮ ਵਾਸੀ ਮਿਰਜ਼ੇਵਾਲਾ ਨੂੰ ਬੱਸ ਸਟੈਂਡ 'ਤੇ ਛੱਡਣ ਲਈ ਆ ਰਿਹਾ ਸੀ ਸਵੇਰੇ ਕਰੀਬ 5 ਵਜੇ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਪਿੰਡ ਬੁਰਜਾ ਕਾਲੋਨੀ ਦੇ ਨੇੜੇ ਤੋਂ ਲੰਘਦੀ ਨਹਿਰ ਵਿਚ ਜਾ ਡਿੱਗੀ।
ਕਾਰ ਚਾਲਕ ਕ੍ਰਿਸ਼ਨ ਕੁਮਾਰ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ ਜਦਕਿ ਹੋਰ ਚਾਰਾਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਕੋਲ ਹੀ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਇਸ ਘਟਨਾ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਜਲਦ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।