ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 4 ਮਰੀਜ਼ਾਂ ਦੀ ਮੌਤ, 103 ਪਾਜ਼ੇਟਿਵ
Monday, Dec 14, 2020 - 12:59 AM (IST)
ਲੁਧਿਆਣਾ,(ਸਹਿਗਲ)- ਸਰਕਾਰ ਵੱਲੋਂ ਜਾਰੀ ਗਾਈਡ ਲਾਈਨਸ ਅਨੁਸਾਰ ਘਰੋਂ ਬਾਹਰ ਨਿਕਲਣ ’ਤੇ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਦੇ ਨਾਲ ਹੀ 6 ਫੁਟ ਦੀ ਸਮਾਜਿਕ ਦੂਰੀ ਅਤੇ ਵਾਰ-ਵਾਰ ਹੱਥ ਸਾਫ ਕਰਨਾ ਕੋਰੋਨਾ ਤੋਂ ਬਚਾਅ ਲਈ ਪਹਿਲੇ ਉਪਾਅ ਦੱਸੇ ਗਏ ਹਨ ਪਰ ਵਿਆਹ ਦੇ ਸੀਜ਼ਨ ਕਾਰਨ ਲੋਕਾਂ ਨੇ ਇਸ ਮੌਕੇ ਬਚਾਅ ਕਾਰਜਾਂ ਨੂੰ ਦਰ ਕਿਨਾਰ ਕਰ ਦਿੱਤਾ ਹੈ।
ਪੁਲਸ ਪ੍ਰਸ਼ਾਸਨ ਅਤੇ ਸਮੇਤ ਸਿਹਤ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਭਾਵੇਂਕਿ ਮਾਸਕ ਨਾ ਪਾਉਣ ’ਤੇ 1000 ਰੁਪਏ ਜੁਰਮਾਨਾ ਹੈ ਪਰ ਮੈਰਿਜ ਪੈਲੇਸ, ਹੋਟਲਾਂ ਅਤੇ ਸਮਾਰੋਹ ਸਥਾਨ ’ਤੇ ਮੰਨੋ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿਚ ਕੋਰੋਨਾ ’ਚ ਸਥਿਤੀ ਕਦੇ ਵੀ ਵਿਸਫੋਟਕ ਹੋ ਸਕਦੀ ਹੈ। ਕਦੋਂ ਤੱਕ ਮਰੀਜ਼ਾਂ ਦੀ ਗਿਣਤੀ ਨੂੰ ਲੁਕਾਉਂਦੇ ਰਹਿਣਗੇ ਜਾਂ ਉਨ੍ਹਾਂ ਨੂੰ ਹੋਮ ਆਈਸੋਲੇਟ ਕਰਦੇ ਰਹਿਣਗੇ। ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹਾਲਾਤ ਹੋਰ ਬਦਤਰ ਹੋ ਜਾਣਗੇ। ਹੁਣ ਤੱਕ ਕਿਸੇ ਵੀ ਜਨਤਕ ਸਮਾਰੋਹ ’ਤੇ ਨਾ ਤਾਂ ਪੁਲਸ ਵੱਲੋਂ ਰੇਡ ਕੀਤੀ ਗਈ ਹੈ ਅਤੇ ਨਾ ਹੀ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਹਨ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੁਰਮਾਨਾ ਕਰਨਾ ਪੁਲਸ ਦਾ ਕਾਰਜ ਹੈ ਪਰ ਪੁਲਸ ਜੁਰਮਾਨੇ ਦੀ ਰਾਸ਼ੀ ਇਕੱਠੀ ਕਰ ਕੇ ਸਿਹਤ ਵਿਭਾਗ ਨੂੰ ਦੇਵੇ ਅਤੇ ਸਿਹਤ ਅਧਿਕਾਰੀ ਮਹਾਮਾਰੀ ਨੂੰ ਰੋਕਣ ਲਈ ਕੋਈ ਯਤਨ ਨਾ ਕਰੇ। ਇਸ ਦੌਰਾਨ ਪੁਲਸ ਵਿਭਾਗ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੁਰਮਾਨਾ ਕਰਨ ਦੀ ਅਥਾਰਿਟੀ ਸਿਹਤ ਵਿਭਾਗ ਅਤੇ ਪੁਲਸ ਥਾਣੇ ਕੋਲ ਹੋਵੇ ਅਤੇ ਜੋ ਵਿਭਾਗ ਜਿੰਨੀ ਰਾਸ਼ੀ ਜੁਰਮਾਨੇ ਦੀ ਰਾਸ਼ੀ ਇਕੱਠੀ ਕਰੇ, ਉਹ ਆਪਣੇ ਵਿਭਾਗ ਦੇ ਖਾਤੇ ਵਿਚ ਜਮ੍ਹਾ ਕਰਵਾਵੇ।
ਇਸ ਦੌਰਾਨ ਇਹ ਵੀ ਪਤਾ ਲੱਗ ਸਕੇਗਾ ਕਿ ਕੌਣ ਕਿੰਨਾ ਕੰਮ ਕਰ ਰਿਹਾ ਹੈ। ਜੇਕਰ ਪੁਲਸ ਆਪਣੇ ਪੱਧਰ ’ਤੇ ਕਾਰਵਾਈ ਕਰਦੀ ਹੈ ਤਾਂ ਇਸ ਦਾ ਸਿਹਰਾ ਪੁਲਸ ਨੂੰ ਮਿਲਣਾ ਚਾਹੀਦਾ ਹੈ। ਜੇਕਰ ਸਿਹਤ ਵਿਭਾਗ ਦੇ ਨਾਲ ਸਾਂਝੀ ਰੇਡ ਹੋਵੇ ਤਾਂ ਸਿਹਰਾ ਵਿਭਾਗਾਂ ਨੂੰ ਮਿਲਣਾ ਚਾਹੀਦਾ ਹੈ।
ਮਹਾਨਗਰ ਦੇ ਹਸਪਤਾਲਾਂ ’ਚ ਅੱਜ ਕੋਰੋਨਾ ਵਾਇਰਸ ਨਾਲ 4 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 103 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚੋਂ 89 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦਕਿ 14 ਮਰੀਜ਼ ਦੂਜੇ ਜ਼ਿਲਿਆਂ ਵਿਚ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਸਿਹਤ ਅਧਿਕਾਰੀਆਂ ਦੇ ਅਨੁਸਾਰ ਜਿਨਾਂ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਉਨਾਂ ਵਿਚੋਂ 2 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਸਿਹਤ ਅਧਿਕਾਰੀਆਂ ਅਨੁਸਾਰ ਜਿਨ੍ਹਾਂ 4 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ ’ਚੋਂ ਇਕ ਸਿਵਲ ਹਸਪਤਾਲ ਵਿਚ ਦਾਖਲ ਸੀ, ਜਦਕਿ ਦੂਜਾ ਲੱਕੜ ਬਾਜ਼ਾਰ ਨਿਵਾਸੀ 62 ਸਾਲਾ ਮਰੀਜ਼ ਰਘੁਨਾਥ ਹਸਪਤਾਲ ਵਿਚ ਦਾਖਲ ਸੀ, ਜਦਕਿ 2 ਹੋਰ ਮਰੀਜ਼ਾਂ ’ਚੋਂ ਇਕ ਮਰੀਜ਼ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਚੌਥਾ ਮਰੀਜ਼ ਰਾਜਸਥਾਨ ਦਾ ਨਿਵਾਸੀ ਸੀ। ਮਹਾਨਗਰ ਵਿਚ ਹੁਣ ਤੱਕ ਪਾਜ਼ੇਟਿਵ ਆਏ ਮਰੀਜ਼ਾਂ ਦੀ ਗਿਣਤੀ 23,942 ਹੋ ਗਈ ਹੈ। ਇਨ੍ਹਾਂ ਵਿਚੋਂ 936 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3485 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 410 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲੇ ਵਿਚ 22,288 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਵਰਤਮਾਨ ਸਮੇਂ ’ਚ 718 ਐਕਟਿਵ ਮਰੀਜ਼ ਰਹਿ ਗਏ ਹਨ। ਇਸ ਤੋਂ ਇਲਾਵਾ 517 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
2616 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲੇ ਵਿਚ ਅੱਜ 2616 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 296 ਸੈਂਪਲ ਸਿਹਤ ਵਿਭਾਗ ਵੱਲੋਂ, ਜਦਕਿ ਬਾਕੀ 520 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ।
ਨਹੀਂ ਖਤਮ ਹੋ ਰਿਹਾ ਪੈਡਿੰਗ ਰਿਪੋਰਟਾਂ ਦਾ ਸਿਲਸਿਲਾ
ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲ ਦੀ ਰਿਪੋਰਟ ਅਕਸਰ ਪੈਂਡਿੰਗ ਰਹਿੰਦੀ ਹੈ ਅਤੇ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵੀ 2497 ਟੈਸਟਾਂ ਦੀ ਰਿਪੋਰਟ ਪੈਂਡਿੰਗ ਦੱਸੀ ਜਾਂਦੀ ਹੈ। ਦੂਜੇ ਪਾਸੇ ਨਿੱਜੀ ਹਸਪਤਾਲ ਸਵੇਰੇ ਮਰੀਜ਼ ਦਾ ਸੈਂਪਲ ਲੈ ਕੇ ਸ਼ਾਮ ਤੱਕ ਰਿਪੋਰਟ ਦੇ ਦਿੰਦੇ ਹਨ।
ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ 19 ਤੇ ਨਿੱਜੀ ’ਚ 183
ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 19 ਹੈ, ਜਦਕਿ ਨਿੱਜੀ ਹਸਪਤਾਲਾਂ ਵਿਚ 183 ਪਾਜ਼ੇਟਿਵ ਮਰੀਜ਼ ਭਰਤੀ ਹਨ। ਇਨ੍ਹਾਂ ’ਚੋਂ 6 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ’ਚੋਂ 2 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 4 ਹੋਰ ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ।
ਸਰਕਾਰੀ ਹਸਪਤਾਲਾਂ ’ਚ ਮਰੀਜ਼ ਰੱਖਣ ਦੀ ਬਜਾਏ ਕਰ ਦਿੱਤਾ ਜਾਂਦਾ ਹੈ ਹੋਮ ਆਈਸੋਲੇਟ
ਸਰਕਾਰ ਵੱਲੋਂ ਜਾਰੀ ਨਵੀਂ ਗਾਈਡ ਲਾਈਨਸ ਦਾ ਸਹਾਰਾ ਲੈ ਕੇ ਸਿਹਤ ਵਿਭਾਗ ਸਰਕਾਰ ’ਤੇ ਬੋਝ ਵਧਾਉਣ ਦੀ ਬਜਾਏ ਪਾਜ਼ੇਟਿਵ ਮਰੀਜ਼ਾਂ ਨੂੰ ਹਸਪਤਾਲ ’ਚ ਰੱਖਣ ਦੀ ਬਜਾਏ ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਦੇਣ ਦੀ ਮਨਜ਼ੂਰੀ ਦੇ ਦਿੰਦਾ ਹੈ। ਉਸ ਤੋਂ ਬਾਅਦ ਉਸ ਦਾ ਸਹੀ ਤਰੀਕੇ ਨਾਲ ਫਾਲੋਅਪ ਨਹੀਂ ਕੀਤਾ ਜਾ ਰਿਹਾ। ਜਿਸ ਨਾਲ ਲੋਕਾਂ ਵਿਚ ਕਾਫੀ ਰੋਸ ਹੈ। ਹੋਮ ਆਈਸੋਲੇਟ ਹੋਣ ’ਤੇ ਇਲਾਜ ਦਾ ਸਾਰਾ ਖਰਚ ਸਰਕਾਰ ਦੀ ਬਜਾਏ ਬੀਮਾਰ ਹੋਣ ਵਾਲੇ ਵਿਅਕਤੀ ’ਤੇ ਪੈਂਦਾ ਹੈ। ਰੋਜ਼ ਕਿੰਨੇ ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ, ਇਸ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਇਸ ਲਈ ਜ਼ਿਆਦਾ ਦੱਸੀ ਜਾਂਦੀ ਹੈ ਕਿਉਂਕਿ ਉਥੇ ਮਰੀਜ਼ ਆਪਣੀ ਮਰਜ਼ੀ ਨਾਲ ਦਾਖਲ ਹੋ ਰਹੇ ਹਨ।
229 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ
ਸਿਹਤ ਵਿਭਾਗ ਵੱਲੋਂ ਅੱਜ 229 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਟੀਮਾਂ ਵੱਲੋਂ 242 ਮਰੀਜ਼ਾਂ ਦੀ ਕੀਤੀ ਗਈ ਸ¬ਕ੍ਰੀਨਿੰਗ ਉਪਰੰਤ 229 ਲੋਕਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਗਿਆ ਹੈ।