ਸਪੈਸ਼ਲ ਬ੍ਰਾਂਚ ਨੇ ਫਡ਼ੀਆਂ ਅੰਗਰੇਜ਼ੀ ਸ਼ਰਾਬ ਦੀਆਂ 38 ਪੇਟੀਆਂ
Friday, Jul 20, 2018 - 04:19 AM (IST)

ਲੁਧਿਆਣਾ, (ਰਿਸ਼ੀ)- ਚੰਡੀਗਡ਼੍ਹ ਤੋਂ ਅੰਗਰੇਜ਼ੀ ਸ਼ਰਾਬ ਦੀ ਸਮੱਗਲਿੰਗ ਕਰ ਕੇ ਲਿਆ ਰਹੇ ਸਮੱਗਲਰਾਂ ’ਤੇ ਸਪੈਸ਼ਲ ਬ੍ਰਾਂਚ ਵਲੋਂ ਆਪਣਾ ਡੰਡਾ ਚਲਾਇਆ ਜਾ ਰਿਹਾ ਹੈ। ਹੁਣ ਸਪੈਸ਼ਲ ਬ੍ਰਾਂਚ ਦੇ ਏ. ਐੱਸ. ਆਈ. ਦੀਪਕ ਕੁਮਾਰ ਦੀ ਪੁਲਸ ਪਾਰਟੀ ਨੇ ਵੀਰਵਾਰ ਨੂੰ ਵਰਨਾ ਕਾਰ ਸਮੇਤ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਾਰ ਤੋਂ 38 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀਅਾਂ ਪਰ ਸਮੱਗਲਰ ਪੁਲਸ ਨੂੰ ਧੋਖਾ ਦੇ ਕੇ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਆਈ. ਪੀ. ਐੱਸ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਰਾਜਨ ਠਾਕੁਰ ਨਿਵਾਸੀ ਸ਼ਿਮਲਾਪੁਰੀ ਅਤੇ ਫਰਾਰ ਦੀ ਪਛਾਣ ਮਨੋਜ ਕੁਮਾਰ ਨਿਵਾਸੀ ਸ਼ਕਤੀ ਨਗਰ, ਬਸਤੀ ਜੋਧੇਵਾਲ ਵਜੋਂ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਚੰਡੀਗਡ਼੍ਹ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆ ਰਹੇ ਹਨ, ਜਿਸ ’ਤੇ ਉਨ੍ਹਾਂ ਨੂੰ ਫੋਕਲ ਪੁਆਇੰਟ ਇਲਾਕੇ ਤੋਂ ਦਬੋਚਿਆ ਗਿਆ। ਪੁਲਸ ਪਾਰਟੀ ਨੂੰ ਦੇਖ ਕੇ ਮੁੱਖ ਸਮੱਗਲਰ ਫਰਾਰ ਹੋ ਗਿਆ। ਫਡ਼ੇ ਗਏ ਦੋਸ਼ੀ ਨੇ ਦੱਸਿਆ ਕਿ ਉਹ ਡਰਾਈਵਰੀ ਕਰਦਾ ਹੈ। 7 ਮਹੀਨੇ ਪਹਿਲਾਂ ਬੀਮਾਰ ਹੋਣ ਕਾਰਨ ਸਮੱਗਲਰ ਕੋਲ ਕੰਮ ਕਰਨ ਲੱਗ ਪਿਆ। ਉਹ ਹਫਤੇ ਵਿਚ 4 ਵਾਰ ਚੰਡੀਗਡ਼੍ਹ ਸ਼ਰਾਬ ਲੈਣ ਜਾਂਦਾ ਸੀ ਅਤੇ ਮਨੋਜ ਕੁਮਾਰ ਉਸ ਨਾਲ ਹਰ ਵਾਰ ਕਾਰ ਵਿਚ ਬੈਠ ਕੇ ਜਾਂਦਾ ਸੀ। ਉਸ ਨੂੰ ਹਰ ਗੇਡ਼ੇ ਦੇ 900 ਰੁਪਏ ਦਿੱਤੇ ਜਾਂਦੇ ਸਨ। ਪੁਲਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦੇ ਪੁਲਸ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।