ਖੱਟੜ ਸਰਕਾਰ ਬਣਨ ''ਤੇ ਹਰਿਆਣਾ ''ਚ 370 ਕੁੜੀਆਂ ਗਾਇਬ ਹੋਈਆਂ : ਆਰੀਆ
Wednesday, Aug 09, 2017 - 07:06 AM (IST)

ਜਲੰਧਰ (ਧਵਨ) - ਹਰਿਆਣਾ ਸਰਵਜਨ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰੋਸ਼ਨ ਲਾਲ ਆਰੀਆ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਚ ਮਨੋਹਰ ਲਾਲ ਖੱਟੜ ਸਰਕਾਰ ਬਣਨ ਤੋਂ ਬਾਅਦ 370 ਕੁੜੀਆਂ ਗਾਇਬ ਹੋਈਆਂ, ਜਿਨ੍ਹਾਂ ਦਾ ਹੁਣ ਤਕ ਸਰਕਾਰ ਕੁਝ ਵੀ ਪਤਾ ਨਹੀਂ ਲਾ ਸਕੀ। ਉਨ੍ਹਾਂ ਕਿਹਾ ਕਿ ਅਸਲ ਵਿਚ ਖੱਟੜ ਸਰਕਾਰ ਹੀ ਹਰਿਆਣਾ ਵਿਚ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ।
ਆਰੀਆ ਨੇ ਕਿਹਾ ਕਿ ਜਦੋਂ ਮੁਰਥਲ ਕਾਂਡ ਹੋਇਆ ਸੀ ਤਾਂ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸੇ ਵੀ ਲੜਕੀ ਨਾਲ ਜਬਰ-ਜ਼ਨਾਹ ਦੀ ਘਟਨਾ ਨਹੀਂ ਹੋਈ, ਜਦਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦਾ ਨੋਟਿਸ ਲੈਂਦਿਆਂ ਸਰਕਾਰ ਨੂੰ ਝਾੜ ਪਾਈ। ਉਨ੍ਹਾਂ ਕਿਹਾ ਕਿ ਹੁਣ ਛੇਤੀ ਹੀ ਇਹ ਮਾਮਲਾ ਸੀ. ਬੀ. ਆਈ. ਕੋਲ ਜਾ ਸਕਦਾ ਹੈ, ਜਿਸ ਤੋਂ ਬਾਅਦ ਸਰਕਾਰ ਦੋਸ਼ੀਆਂ ਦਾ ਬਚਾਅ ਨਹੀਂ ਕਰ ਸਕੇਗੀ।
ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਦਾ ਕਾਂਡ ਸਾਹਮਣੇ ਆ ਗਿਆ ਹੈ। ਹਰਿਆਣਾ ਵਿਚ ਔਰਤਾਂ 'ਤੇ ਅਪਰਾਧ ਵਧੇ ਹਨ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਆਖਿਰ ਔਰਤਾਂ ਦਾ ਬਚਾਅ ਕੌਣ ਕਰੇਗਾ ਕਿਉਂਕਿ ਜਦੋਂ ਸਰਕਾਰ ਹੀ ਅਪਰਾਧੀਆਂ ਨਾਲ ਮਿਲ ਜਾਵੇ ਤਾਂ ਫਿਰ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣੀ ਲਾਜ਼ਮੀ ਹੈ। ਭਾਜਪਾ ਨੇ 'ਸਬ ਕਾ ਸਾਥ ਸਬ ਕਾ ਵਿਕਾਸ' ਦਾ ਨਾਅਰਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਬਾਅਦ ਆਪਣਾ ਚਿਹਰਾ ਬਦਲ ਲਿਆ ਹੈ। ਹਰਿਆਣਾ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਬਦਤਰ ਹੋ ਗਈ ਹੈ। ਵਪਾਰੀ ਅਤੇ ਉਦਯੋਗਪਤੀ ਹਿਜਰਤ ਕਰ ਕੇ ਜਾ ਰਹੇ ਹਨ। ਬਰਾਲਾ ਦੇ ਬੇਟੇ ਦੇ ਕਾਂਡ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਉਨ੍ਹਾਂ ਮੁੱਖ ਮੰਤਰੀ ਖੱਟੜ 'ਤੇ ਦੋਸ਼ ਲਾਇਆ ਕਿ ਉਹ ਤਜਰਬੇਹੀਣ ਹਨ। ਅਪਰਾਧੀਆਂ ਦੇ ਹੌਸਲੇ ਲਗਾਤਾਰ ਵਧ ਰਹੇ ਹਨ। ਭਾਜਪਾ ਸੂਬੇ ਵਿਚ ਜਾਤੀਵਾਦ ਦਾ ਕਾਰਡ ਖੇਡ ਕੇ ਸੱਤਾ ਵਿਚ ਆ ਗਈ। ਭਾਜਪਾ ੇਨੇ ਚੋਣਾਂ ਵਿਚ ਜਾਟਾਂ ਨੂੰ 26 ਸੀਟਾਂ ਦਿੱਤੀਆਂ, ਜਿਨ੍ਹਾਂ 'ਚੋਂ ਸਿਰਫ 6 ਜਿੱਤੇ ਸਨ।