ਬਰਤਾਨੀਆ ਦੇ 36 ਸੰਸਦ ਮੈਂਬਰਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ''ਚ ਦਖਲਅੰਦਾਜ਼ੀ ਦੀ ਕੀਤੀ ਮੰਗ
Saturday, Dec 05, 2020 - 10:39 PM (IST)
ਲੰਡਨ - ਬਰਤਾਨੀਆ ਵਿਚ ਵੱਖ-ਵੱਖ ਪਾਰਟੀਆਂ ਦੇ 36 ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਰਤ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਬਰਤਾਨੀਆ ਵਿਚ ਰਹਿੰਦੇ ਪੰਜਾਬੀ ਮੂਲ ਦੇ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਸਬੰਧੀ ਉਹ ਆਪਣੇ ਭਾਰਤੀ ਹਮਅਹੁਦਾ ਐੱਸ. ਜੈਸ਼ੰਕਰ ਨੂੰ ਜਾਣੂੰ ਕਰਵਾਉਣ।
ਸ਼ਨੀਵਾਰ ਇਸ ਸਬੰਧੀ ਚਿੱਠੀ ਨੂੰ ਜਾਰੀ ਕੀਤਾ ਗਿਆ। ਇਸ ਨੂੰ ਲੇਬਰ ਪਾਰਟੀ ਦੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਤਿਆਰ ਕੀਤਾ ਹੈ। ਇਸ 'ਤੇ ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਦੇ ਹਸਤਾਖਰ ਹਨ। ਉਕਤ ਆਗੂਆਂ ਵਿਚ ਵਰਿੰਦਰ ਸ਼ਰਮਾ, ਸੀਮਾ ਮਲਹੋਤਰਾ ਅਤੇ ਵੇਲੇਰੀ ਵਾਜ ਦੇ ਨਾਲ ਹੀ ਜੇਰੇਮੀ ਕੋਰਬਿਨ ਵੀ ਸ਼ਾਮਲ ਹਨ। ਸੰਸਦ ਮੈਂਬਰਾਂ ਦੀ ਇਸ ਚਿੱਠੀ ਵਿਚ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਵਿਚ ਵਿਗੜਦੇ ਹਾਲਾਤ 'ਤੇ ਚਰਚਾ ਕਰਨ ਲਈ ਉਹ ਜੈਸ਼ੰਕਰ ਨਾਲ ਤੁਰੰਤ ਬੈਠਕ ਕਰਨ। ਇਸ ਦੇ ਨਾਲ ਹੀ ਇਸ ਮੁੱਦੇ 'ਤੇ ਭਾਰਤ ਸਰਕਾਰ ਦੇ ਨਾਲ ਵਿਦੇਸ਼, ਕਾਮਨਵੈਲਥ ਅਤੇ ਵਿਕਾਸ ਦਫਤਰ ਦੀ ਕਿਸੇ ਵੀ ਗੱਲਬਾਤ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ।