350 ਸਾਲਾ ਪ੍ਰਕਾਸ਼ ਪੁਰਬ : ਅੱਜ ਤੋਂ ਹੋਵੇਗੀ ਸਮਾਗਮਾਂ ਦੀ ਸ਼ੁਰੂਆਤ
Friday, Dec 22, 2017 - 02:50 AM (IST)
ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਕਾਹਲੋਂ) — ਪਟਨਾ ਸਾਹਿਬ ਦੀ ਧਰਤ 'ਤੇ ਸ੍ਰੀ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਰੋਹ ਸਬੰਧੀ ਚਾਰ ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ 22 ਦਸੰਬਰ ਨੂੰ ਤਖਤ ਸ੍ਰੀ ਹਰਮਿੰਦਰ ਸਾਹਿਬ ਵਿਖੇ ਪਹਿਲੇ ਪਹਿਰ 1.30 ਵਜੇ ਹੋਵੇਗੀ ਜਦਕਿ ਪਟਨਾ ਬਾਈਪਾਸ ਟੈਂਟ ਸਿਟੀ 'ਚ ਸ਼ਾਮ 4 ਵਜੇ ਦੀਵਾਨ ਦੀ ਸ਼ੁਰੂਆਤ ਅਰਦਾਸ ਅਤੇ ਹੁਕਮਨਾਮਾ ਸਾਹਿਬ ਉਪਰੰਤ ਹੋਵੇਗੀ।
ਨੀਤਿਸ਼ ਕੁਮਾਰ ਰਾਜਗੀਰ ਗੁਰਦੁਆਰਾ ਸਾਹਿਬ ਦਾ ਰੱਖਣਗੇ ਨੀਂਹ ਪੱਥਰ : ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਮੁਹਿੰਦਰ ਸਿੰਘ ਵਲੋਂ ਰਾਜਗੀਰ 'ਚ ਬਣਨ ਵਾਲੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ 22 ਦਸੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਰੱਖਣਗੇ। ਉਕਤ ਜਾਣਕਾਰੀ ਬਾਬਾ ਇੰਦਰਜੀਤ ਸਿੰਘ ਜੀ ਨੇ ਦਿੱਤੀ। ਇਥੇ ਸ਼ੁਰੂ ਹੋਣ ਵਾਲੇ ਸਮਾਗਮਾਂ 'ਚ ਅੱਜ ਉਚੇਚੇ ਤੌਰ ਤੇ ਪੁੱਜਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ 'ਚੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਗੁਰੂ-ਘਰ ਹਾਜ਼ਰੀ ਲਵਾਉਣ ਲਈ ਪੁੱਜ ਰਹੇ ਹਨ।
ਸਟੇਸ਼ਨ 'ਤੇ ਹਰੇਕ ਗੱਡੀ ਰੁਕ ਕੇ ਜਾਵੇਗੀ
ਸੰਗਤਾਂ ਦੀ ਸਹੂਲਤ ਲਈ ਰੇਲਵੇ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਦਾਨਾਪੁਰ ਮੰਡਲ ਰੇਲ ਪ੍ਰਬੰਧਕ ਰੰਜਨ ਪ੍ਰਕਾਸ਼ ਠਾਕੁਰ ਦੇ ਹੁਕਮ 'ਤੇ ਬਾਈਪਾਸ ਟੈਂਟ ਸਿਟੀ 'ਚ ਰੇਲਵੇ ਵਲੋਂ 2-2 ਯੂ. ਟੀ. ਐੱਸ. ਤੇ ਪੀ. ਆਰ. ਐੱਸ. ਕਾਊਂਟਰ ਲਗਾਏ ਹਨ। ਦੋਵਾਂ ਟੈਂਟ ਸਿਟੀ 'ਚ ਰੇਲਗੱਡੀਆਂ ਦੇ ਸਮਾਂ ਸਾਰਨੀ ਦੇ ਫਲੈਕਸ ਬੋਰਡ ਲਗਾਏ ਗਏ ਹਨ। ਪਟਨਾ ਸਾਹਿਬ ਸਟੇਸ਼ਨ 'ਤੇ ਇਕ ਵਾਧੂ ਪੁੱਛਗਿੱਛ ਕਾਊਂਟਰ ਸ਼ੁਰੂ ਕੀਤਾ ਗਿਆ ਹੈ। ਸੰਗਤਾਂ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਦੇ ਵੱਡੀ ਗਿਣਤੀ 'ਚ ਪੁੱਜਣ ਕਾਰਨ ਹਰੇਕ ਗੱਡੀ ਦਾ ਇਥੇ ਰੁਕਣਾ ਲਾਜ਼ਮੀ ਕੀਤਾ ਗਿਆ ਹੈ।
