30 ਦਿਨਾਂ ’ਚ ਪੰਜਾਬ ਨੇ ਕੁੱਲ 128.50 ਲੱਖ ਮੀਟ੍ਰਿਕ ਟਨ ਕਣਕ ਖਰੀਦੀ
Monday, May 10, 2021 - 01:19 AM (IST)
ਚੰਡੀਗੜ੍ਹ,(ਸ਼ਰਮਾ)- ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸਣ ਆਸ਼ੂ ਨੇ ਅੱਜ ਇਥੇ ਕਿਹਾ ਕਿ ਕੋਵਿਡ 19 ਦੀ ਦੂਸਰੀ ਲਹਿਰ ਕਾਰਨ ਸੂਬੇ ਵਿਚ ਪੈਦਾ ਹੋਈਆਂ ਅਨੇਕਾਂ ਮੁਸ਼ਕਿਲਾਂ ਦੌਰਾਨ ਬੀਤੇ 30 ਦਿਨਾਂ ਦੌਰਾਨ ਸੂਬੇ ਵਿਚ 128.50 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਸਫਲਤਾਪੂਰਵਕ ਕਰ ਲਈ ਹੈ। ਇਸ ਵਾਰ ਅੰਦਾਜਨ 130 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਕਣਕ ਖਰੀਦ ਸੀਜਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਨੇ ਕੁਲ 127.10 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਪੂਰੇ ਖਰੀਦ ਸੀਜਨ ਦੌਰਾਨ ਕੀਤੀ ਸੀ।
ਕਿਸਾਨਾਂ ਦੀ ਫ਼ਸਲ ਦੇ ਦਾਣੇ-ਦਾਣੇ ਦੀ ਖਰੀਦ ਨੂੰ ਯਕੀਨੀ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਮੁਸ਼ਕਿਲ ਸਮੇਂ ਵਿਚ ਕਿਸਾਨਾਂ ਦੀ ਸੌਖ ਲਈ 3500 ਤੋਂ ਵੱਧ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਹੁਣ ਤੱਕ ਕਣਕ ਦੀ ਨਿਰਵਿਘਨ ਖਰੀਦ ਚੱਲ ਰਹੀ ਹੈ ਅਤੇ ਮੰਡੀ ਵਿਚ ਪਹੁੰਚੀ 99 ਫੀਸਦੀ ਕਣਕ ਦੀ ਖਰੀਦ ਕਰ ਲਈ ਗਈ ਹੈ। ਸੂਬੇ ਵਿਚ ਹੁਣ ਤੱਕ 102 ਲੱਖ ਮੀਟ੍ਰਿਕ ਟਨ ਤੋਂ ਵੀ ਵੱਧ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਿਸੇ ਵੀ ਥਾਂ ਚੁਕਾਈ ਨਾ ਹੋਣ ਸਬੰਧੀ ਖਬਰ ਨਹੀਂ ਹੈ। ਸੂਬਾ ਸਰਕਾਰ ਨੇ ਹੁਣ ਤੱਕ ਕਿਸਾਨਾਂ ਨੂੰ ਜਿਣਸ ਦੀ ਖਰੀਦ ਦੇ ਰੂਪ ਵਿਚ 21300 ਕਰੋੜ ਰੁਪਏ (ਸਮੇਤ ਐੱਫ.ਸੀ.ਆਈ.) ਅਦਾ ਕਰ ਦਿੱਤੇ ਹਨ।