ਰੇਲਵੇ ਲਾਈਨਾਂ ਪਾਰ ਕਰਦਿਆਂ ਵਾਪਰਿਆ ਭਾਣਾ, ਟ੍ਰੇਨ ਦੀ ਲਪੇਟ 'ਚ ਆਏ 3 ਨੌਜਵਾਨਾਂ ਦੀ ਦਰਦਨਾਕ ਮੌਤ

Sunday, Jan 22, 2023 - 07:50 PM (IST)

ਲੁਧਿਆਣਾ (ਮੁਕੇਸ਼) : ਫੋਕਲ ਪੁਆਇੰਟ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਲਾਈਨਾਂ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆਉਣ ਨਾਲ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਤਿੰਨਾਂ ਦੀ ਪੱਕੀ ਯਾਰੀ ਸੀ ਤੇ ਢੰਡਾਰੀ ਰੇਲਵੇ ਪੁਲ ਨੇੜੇ ਵਰਕਸ਼ਾਪ 'ਚ ਇਕੱਠੇ ਕੰਮ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਲਵੀ (27) ਗੋਬਿੰਦਪੁਰ ਬੰਗਾ ਨਵਾਂਸ਼ਹਿਰ, ਸੁਖਮਨ ਸਿੰਗਾ (19) ਅੰਮ੍ਰਿਤਸਰ ਤੇ ਰਵੀ ਕੁਮਾਰ (27) ਵਾਸੀ ਮੁਕੇਰੀਆਂ ਦੇ ਰੂਪ 'ਚ ਹੋਈ ਹੈ। ਤਿੰਨੋਂ ਕੁਆਰੇ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ, ਪ੍ਰਦਰਸ਼ਨਕਾਰੀਆਂ ਦੀ ਦੋ-ਟੁਕ; ਸਰਕਾਰ ਫੈਕਟਰੀ ਨੂੰ ਬੰਦ ਕਰਕੇ ਕਰੇ ਸੀਲ

ਮ੍ਰਿਤਕ ਨੌਜਵਾਨ ਜਿੱਥੇ ਕੰਮ ਕਰਦੇ ਸਨ, ਉਥੋਂ ਦੇ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਾ ਕਿ ਤਿੰਨਾਂ ਨੂੰ ਸ਼ੁੱਕਰਵਾਰ ਰਾਤ 9.10 ਵਜੇ ਸਹੀ-ਸਲਾਮਤ ਦੇਖਿਆ ਗਿਆ ਸੀ। ਤਿੰਨੋਂ ਨੇੜੇ ਹੀ ਢੰਡਾਰੀ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਸ਼ਨੀਵਾਰ ਸਵੇਰੇ ਜਦੋਂ ਤਿੰਨੋਂ ਕੰਮ 'ਤੇ ਨਹੀਂ ਪਹੁੰਚੇ ਤਾਂ ਮਾਲਕ ਨੇ ਜਿੱਥੇ ਉਹ ਰਹਿੰਦੇ ਸਨ, ਪਤਾ ਕਰਵਾਇਆ ਕਿ ਤਿੰਨੋਂ ਰਾਤ ਮਕਾਨ 'ਚ ਕਿਉਂ ਨਹੀਂ ਆਏ। ਮਾਲਕ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਤਿੰਨਾਂ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਮਾਲਕ ਨੇ ਰਵੀ ਦੇ ਮੋਬਾਈਲ 'ਤੇ ਫੋਨ ਕੀਤਾ ਤਾਂ ਦੂਜੇ ਪਾਸੇ ਗੱਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਮੋਬਾਈਲ ਢੰਡਾਰੀ ਰੇਲਵੇ ਲਾਈਨਾਂ ਤੋਂ ਮਿਲਿਆ ਹੈ ਤੇ ਆ ਕੇ ਲੈ ਜਾਓ, ਜਿਸ ਤੋਂ ਬਾਅਦ ਉਸ ਨੇ ਸਵਿਚ ਆਫ਼ ਕਰ ਦਿੱਤਾ। ਜਦੋਂ ਉਹ ਲੋਕ ਮੌਕੇ 'ਤੇ ਪਹੁੰਚੇ ਤਾਂ ਉਥੇ ਕੋਈ ਨਹੀਂ ਸੀ।

ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਕੁੜੀ ਦਾ ਮਾਲ ਦੀ 7ਵੀਂ ਮੰਜ਼ਿਲ ’ਤੇ ਹਾਈ ਵੋਲਟੇਜ ਹੰਗਾਮਾ, ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਲਾਈਨਾਂ ਪਾਰ ਕਰਦੇ ਸਮੇਂ ਤਿੰਨਾਂ ਨੌਜਵਾਨਾਂ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ ਤੇ ਰੇਲਵੇ ਪੁਲਸ ਨੇ ਲਾਸ਼ਾਂ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਉਨ੍ਹਾਂ ਤੁਰੰਤ ਲਵੀ ਦੇ ਘਰ ਵਾਲਿਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ, ਜੋ ਕਿ ਲੁਧਿਆਣਾ ਪਹੁੰਚ ਗਏ। ਇਸੇ ਤਰ੍ਹਾਂ ਸੁਖਮਨ ਤੇ ਰਵੀ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਨਾ ਦਿੱਤੀ ਗਈ। ਉਹ ਵੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਨੇ ਸਿਵਲ ਹਸਪਤਾਲ 'ਚ ਮ੍ਰਿਤਕਾਂ ਦੀ ਪਛਾਣ ਕੀਤੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਬਦੌਲਤ ਹੀ ਰਾਹੁਲ ਦਾ ਜੰਮੂ-ਕਸ਼ਮੀਰ ’ਚ ਬੇਖ਼ੌਫ ਜਾਣਾ ਸੰਭਵ ਹੋਇਆ : ਪ੍ਰੋ. ਸਰਚਾਂਦ ਸਿੰਘ

ਲਵਪ੍ਰੀਤ ਦੇ ਚਾਚਾ ਚਰਨਜੀਤ ਸਿੰਘ ਨੇ ਕਿਹਾ ਕਿ ਲਵੀ ਦੇ ਮਾਂ-ਪਿਓ ਨਹੀਂ ਹਨ। ਭਰਾ ਸੁਖਵਿੰਦਰ ਨੇ ਕਿਹਾ ਕਿ ਲਵੀ ਦੇ ਜਾਣ ਮਗਰੋਂ ਉਹ ਇਕੱਲਾ ਰਹਿ ਗਿਆ ਹੈ। ਸੁਖਮਨ ਦੇ ਪਿਤਾ ਕਰਮ ਸਿੰਘ ਤੇ ਭਰਾ ਮੰਗਾ ਨੇ ਕਿਹਾ ਕਿ ਉਹ ਤਿੰਨ ਭਰਾ ਤੇ 2 ਭੈਣਾਂ ਹਨ। ਸੁਖਮਨ ਪਰਿਵਾਰ 'ਚ ਸਾਰਿਆਂ ਦਾ ਲਾਡਲਾ ਸੀ। ਉਸ ਦੇ ਚਲੇ ਜਾਣ ਨਾਲ ਘਰ ਸੁੰਨਾ ਹੋ ਗਿਆ ਹੈ। ਰਵੀ ਦੇ ਪਿਤਾ ਸੁੱਚਾ ਸਿੰਘ ਨੇ ਕਿਹਾ ਕਿ ਇਹ 2 ਭਰਾ ਸਨ। ਘਰ 'ਚ ਜਦੋਂ ਰਵੀ ਦੇ ਵਿਆਹ ਦੀ ਗੱਲ ਚੱਲਦੀ ਤਾਂ ਉਹ ਕਹਿੰਦਾ ਬਾਪੂ ਥੋੜ੍ਹਾ ਸੈੱਟ ਹੋ ਜਾਣ ਦੇ ਵਿਆਹ ਵੀ ਹੋ ਜਾਊਗਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਲਾਡਲਾ ਸਿਰ 'ਤੇ ਬਿਨਾਂ ਸਿਹਰਾ ਬੰਨ੍ਹੇ ਹੀ ਸੰਸਾਰ ਤੋਂ ਤੁਰ ਜਾਏਗਾ। ਐਤਵਾਰ ਨੂੰ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਤਿੰਨਾਂ ਦਾ ਪੋਸਟਮਾਰਟਮ ਕੀਤੇ ਜਾਣ ਮਗਰੋਂ ਕਾਨੂੰਨੀ ਕਾਰਵਾਈ ਉਪਰੰਤ ਲਾਸ਼ਾਂ ਤਿੰਨਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News