ਪੈਸੇ ਦੇ ਲੈਣ-ਦੇਣ ਕਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 3 ਕਾਬੂ
Sunday, May 11, 2025 - 12:59 PM (IST)

ਜ਼ੀਰਕਪੁਰ (ਜੁਨੇਜਾ) : ਬਲਟਾਣਾ ਖੇਤਰ ’ਚ ਤਿੰਨ ਨੌਜਵਾਨਾਂ ਵੱਲੋਂ ਕੀਤੇ ਹਮਲੇ ਤੇ ਪੈਸੇ ਵਸੂਲੀ ਦੇ ਮਾਮਲੇ ’ਚ ਪੁਲਸ ਨੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਟਾਣਾ ਸੈਣੀ ਵਿਹਾਰ ਫੇਜ਼-5 ਦੇ ਵਸਨੀਕ ਨੌਸ਼ਾਦ ਅਲੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਸ਼ਾਲ ਉਰਫ਼ ਕ੍ਰੇਜ਼ੀ, ਐਂਡੀ ਉਰਫ਼ ਅੰਕੁਸ਼ ਤੇ ਇਕ ਅਣਪਛਾਤੇ ਨੌਜਵਾਨ ਨੇ ਸ਼ਾਮ ਨੂੰ ਬਲੈਕਆਊਟ ਤੋਂ ਬਾਅਦ ਉਸ ’ਤੇ ਹਮਲਾ ਕੀਤਾ ਤੇ ਉਸ ਤੋਂ ਪੈਸੇ ਲੈ ਲਏ। ਉਸ ਦੇ ਕੰਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸਦਾ ਕੰਨ ਕੱਟ ਦਿੱਤਾ ਗਿਆ।
ਨੌਸ਼ਾਦ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ, ਉਕਤ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਇਸ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਨੌਸ਼ਾਦ ’ਤੇ ਕੁੱਟਮਾਰ ਕਰਨ ਵਾਲੇ ਨੌਜਵਾਨ ਦੋਸਤ ਹਨ। ਕੁੱਝ ਸਮਾਂ ਪਹਿਲਾਂ ਨੌਸ਼ਾਦ ਨੇ ਐਂਡੀ ਤੋਂ 500 ਰੁਪਏ ਉਧਾਰ ਲਏ ਸਨ ਤੇ ਉਸ ਨੇ ਪੈਸੇ ਵਾਪਸ ਮੰਗੇ ਸਨ। ਮਾਮਲੇ ’ਚ ਖੋਹਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।