3 ਅਣਪਛਾਤੇ ਲੁਟੇਰਿਆਂ ਨੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁੱਟਿਆ
Sunday, Aug 20, 2017 - 04:59 PM (IST)
ਜਾਜਾ/ਟਾਂਡਾ(ਸ਼ਰਮਾ, ਮੋਮੀ, ਕੁਲਦੀਸ਼, ਗੁਪਤਾ) - ਬੀਤੀ ਰਾਤ ਪਿੰਡ ਕੰਧਾਲੀ ਨਾਰੰਗਪੁਰ ਦੇ ਕੋਲ 3 ਅਣਪਛਾਤੇ ਲੁਟੇਰਿਆਂ ਨੇ ਇਕ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਤੋਂ ਬਾਅਦ ਉਸਨੂੰ ਲੁੱਟ ਲਿਆ।
ਮਿਲੀ ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਦਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੰਧਾਲੀ ਨਾਰੰਗਪੁਰ ਨੇ ਦੱਸਿਆ ਕਿ ਉਹ ਬੀਤੀ ਰਾਤ ਜਦੋਂ ਸੈਨਪੁਰ ਅੱਡੋ ਤੋਂ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਦੇ ਨੇੜੇ ਚੋਈ ਕੋਲ ਪਹੁੰਚਣ 'ਤੇ ਉਕਤ 3 ਲੁਟੇਰਿਆਂ ਨੇ ਉਸਨੂੰ ਘੇਰ ਲਿਆ। ਉਨ੍ਹਾਂ ਤੋਂ ਬਚਣ ਲਈ ਜਦੋਂ ਉਹ ਆਪਣਾ ਸਕੂਟਰ ਸੁੱਟ ਕੇ ਭੱਜਣ ਲੱਗਾ ਤਾਂ ਉਸ ਨੂੰ ਤਿੰਨਾਂ ਵਿਅਕਤੀਆਂ ਨੇ ਘੇਰ ਲਿਆ ਅਤੇ ਸਿਰ 'ਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਦਲਵੀਰ ਸਿੰਘ ਅਨੁਸਾਰ ਜ਼ਖਮੀ ਕਰਨ ਤੋਂ ਬਾਅਦ ਲੁਟੇਰੇ ਉਸਦਾ ਪਰਸ ਜਿਸ ਵਿਚ ਕਰੀਬ 21 ਹਜ਼ਾਰ ਰੁਪਏ ਦੀ ਨਗਦੀ ਸੀ ਤੋਂ ਇਲਾਵਾ ਮੋਬਾਇਲ ਫੋਨ ਅਤੇ ਚਾਂਦੀ ਦੀ ਮੁੰਦਰੀ ਵੀ ਖੋਹ ਕੇ ਟਾਂਡਾ ਵੱਲ ਫਰਾਰ ਹੋ ਗਏ। ਥਾਣਾ ਟਾਂਡਾ ਦੀ ਪੁਲਸ ਨੇ ਲੁੱਟ-ਖੋਹ ਦਾ ਸ਼ਿਕਾਰ ਹੋਏ ਦਲਵੀਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
