ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਦੇਣ ਵਾਲੇ 3 ਰਾਊਂਡਅਪ
Tuesday, Mar 17, 2020 - 10:13 AM (IST)
ਅੰਮ੍ਰਿਤਸਰ/ਟਾਂਡਾ ਉੜਮੜ, (ਸੰਜੀਵ, ਪੰਡਿਤ)- ਸਰਹੱਦ ਪਾਰ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾ ਕੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਤੱਕ ਪਹੁੰਚਾਉਣ ਵਾਲੇ 3 ਨੌਜਵਾਨਾਂ ਨੂੰ ਅੱਜ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਇਕ ਆਪ੍ਰੇਸ਼ਨ ਦੌਰਾਨ ਰਾਊਂਡਅਪ ਕੀਤਾ। ਫਿਲਹਾਲ ਇਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ ਅਤੇ 2 ਰੌਂਦ ਬਰਾਮਦ ਹੋਏ, ਜਦਕਿ ਪੁਲਸ ਇਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਹਿਰਾਸਤ ’ਚ ਲਏ ਗਏ ਨੌਜਵਾਨਾਂ ’ਚ ਗੁਰਪ੍ਰੀਤ ਸਿੰਘ ਗੋਰਾ ਨਿਵਾਸੀ ਰਡ਼ਾ ਟਾਂਡਾ ਹੁਸ਼ਿਆਰਪੁਰ, ਦਿਲਪ੍ਰੀਤ ਸਿੰਘ ਅਤੇ ਰਣਜੋਧ ਸਿੰਘ ਸ਼ਾਮਲ ਹਨ। ਇਸ ਪੂਰੇ ਮਾਮਲੇ ਦੀ ਅਧਿਕਾਰਤ ਤੌਰ ’ਤੇ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ, ਜਦਕਿ ਰਾਊਂਡਅਪ ਕੀਤੇ ਗਏ ਤਿੰਨਾਂ ਨੌਜਵਾਨਾਂ ਦੇ ਤਾਰ ਗੈਂਗਸਟਰਾਂ ਦੇ ਨਾਲ-ਨਾਲ ਮਜੀਠਾ ਦੇ ਸਰਪੰਚ ਮਰਡਰ ਕੇਸ ਨਾਲ ਵੀ ਜੁਡ਼ੇ ਹਨ। ਜਾਣਕਾਰੀ ਅਨੁਸਾਰ ਪਿਛਲੀ ਰਾਤ ਥਾਣਾ ਘਰਿੰਡਾ ਵਿਚ ਇਨਪੁਟ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਦਿਹਾਤੀ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਸੈਕਟਰ ਵਿਚ ਰਵਾਨਾ ਹੋਈਆਂ, ਜਿਨ੍ਹਾਂ ’ਚੋਂ 1 ਟੀਮ ਨੇ ਹੁਸ਼ਿਆਰਪੁਰ ਦੇ ਰੜਾ ਪਿੰਡ ਤੋਂ ਗੁਰਪ੍ਰੀਤ ਸਿੰਘ ਗੋਰਾ, ਬਾਬਾ ਬਕਾਲਾ ਦੇ ਰਤਡ਼ਛਤਡ਼ ਤੋਂ ਦਿਲਪ੍ਰੀਤ ਸਿੰਘ ਅਤੇ ਰਣਜੋਧ ਸਿੰਘ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ। ਇਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਵੀ ਬਰਾਮਦ ਹੋਏ। ਅੱਜ ਦਿਨ ਭਰ ਦਿਹਾਤੀ ਪੁਲਸ ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਕਰਦੀ ਰਹੀ। ਉਨ੍ਹਾਂ ਵੱਲੋਂ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਹਥਿਆਰਾਂ ਦੇ ਨਾਲ-ਨਾਲ ਪਾਕਿਸਤਾਨ ’ਚ ਬੈਠੇ ਇਨ੍ਹਾਂ ਦੇ ਸਬੰਧੀਆਂ ਦਾ ਬਿਓਰਾ ਇਕੱਠਾ ਕੀਤਾ ਜਾ ਰਿਹਾ ਹੈ। ਪੁਲਸ ਇਸ ’ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਇਸ ਨੂੰ ਪੰਜਾਬ ਦੇ ਕਈ ਸੰਵੇਦਨਸ਼ੀਲ ਮਾਮਲਿਆਂ ਅਤੇ ਗੈਂਗਸਟਰਾਂ ਨਾਲ ਜੋਡ਼ ਕੇ ਵੇਖਿਆ ਜਾ ਰਿਹਾ ਹੈ। ਜਾਂਚ ਉਪਰੰਤ ਹੀ ਦਿਹਾਤੀ ਪੁਲਸ ਰਾਊਂਡਅਪ ਕੀਤੇ ਤਿੰਨਾਂ ਨੌਜਵਾਨਾਂ ਵੱਲੋਂ ਹੋਏ ਖੁਲਾਸੇ ਬਾਰੇ ਜਾਣਕਾਰੀ ਦੇਵੇਗੀ।