ਰੇਹੜੀ ਵਾਲੇ ਨੂੰ ਲੁੱਟਣ ਵਾਲੇ 3 ਲੁਟੇਰਿਆਂ ਨੇ 10 ਵਾਰਦਾਤਾਂ ਕਬੂਲੀਆਂ, ਭੇਜੇ ਜੇਲ
Saturday, Aug 24, 2024 - 03:24 AM (IST)
ਜਲੰਧਰ (ਵਰੁਣ) - ਕਮਿਸ਼ਨਰੇਟ ਪੁਲਸ ਨੇ ਲੁੱਟ ਦੀ ਵਾਰਦਾਤ ਦੇ ਮਾਮਲੇ ’ਚ ਗਿ੍ਫ਼ਤਾਰ ਕੀਤੇ 3 ਲੁਟੇਰਿਆਂ ਤੋਂ ਕੁੱਲ 10 ਵਾਰਦਾਤਾਂ ਟਰੇਸ ਹੋ ਗਈਆਂ ਹਨ । ਰਿਮਾਂਡ ਖਤਮ ਹੋਣ ’ਤੇ ਪੁਲਸ ਨੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ। ਥਾਣਾ ਨੰ. 1 ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਜਾਮਵੰਤ ਪੁੱਤਰ ਬਲਰਾਮ ਵਾਸੀ ਜ਼ਿੰਦਾ ਰੋਡ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਫਲਾਂ ਦੀ ਰੇਹੜੀ ਲਾਉਂਦਾ ਸੀ। ਹਾਲ ਹੀ ’ਚ ਇਕ ਆਟੋ ’ਚ ਆਏ ਲੁਟੇਰਿਆਂ ਨੇ ਉਸ ਨੂੰ ਦਾਤਰ ਦਿਖਾ ਕੇ ਉਸ ਕੋਲੋਂ 10 ਹਜ਼ਾਰ ਰੁਪਏ ਤੇ ਇਕ ਮੋਬਾਈਲ ਫੋਨ ਲੁੱਟ ਲਿਆ ਸੀ।
ਸ਼ਿਕਾਇਤ ਮਿਲਣ ’ਤੇ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤੇ ਪਤਾ ਲੱਗਾ ਕਿ ਉਕਤ ਵਾਰਦਾਤ ਨੂੰ ਹਰਕੀਰਤਪਾਲ ਸਿੰਘ, ਹਰੀਸ਼ ਕੁਮਾਰ ਤੇ ਰਿਤਿਕ ਅਟਵਾਲ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਤੁਰੰਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਲੁੱਟੀ ਗਈ ਨਕਦੀ ’ਚੋਂ 7 ਹਜ਼ਾਰ ਰੁਪਏ ਤੇ ਪੀੜਤ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ।
ਪੁਲਸ ਨੇ ਜਦੋਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਹਰਕੀਰਤਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਰਿਤਿਕ ਖ਼ਿਲਾਫ਼ 3 ਕੇਸ ਦਰਜ ਹਨ। ਹਰੀਸ਼ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਪਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮਾਂ ਨੇ ਮਿਲ ਕੇ ਵੱਖ-ਵੱਖ ਇਲਾਕਿਆਂ ’ਚ ਕਰੀਬ 10 ਵਾਰਦਾਤਾਂ ਕੀਤੀਆਂ ਹਨ।