9 ਕਿਲੋ ਭੁੱਕੀ ਤੇ 5 ਗ੍ਰਾਮ ਹੈਰੋਇਨ ਸਣੇ 3 ਵਿਅਕਤੀ ਗ੍ਰਿਫਤਾਰ

Monday, Oct 09, 2017 - 07:37 AM (IST)

9 ਕਿਲੋ ਭੁੱਕੀ ਤੇ 5 ਗ੍ਰਾਮ ਹੈਰੋਇਨ ਸਣੇ 3 ਵਿਅਕਤੀ ਗ੍ਰਿਫਤਾਰ

ਮੁੱਲਾਂਪੁਰ ਦਾਖਾ, (ਸੰਜੀਵ)- ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਗਸ਼ਤ ਦੌਰਾਨ ਅਨੇਕਾਂ ਥਾਵਾਂ ਤੋਂ 3 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਸਾਢੇ 9 ਕਿਲੋ ਭੁੱਕੀ ਅਤੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਪਹਿਲੇ ਮਾਮਲੇ ਵਿਚ ਸੀ. ਆਈ. ਏ. ਸਟਾਫ ਜਗਰਾਓਂ ਵਿਖੇ ਤਾਇਨਾਤ ਥਾਣੇਦਾਰ ਜਨਕ ਰਾਜ ਜਦੋਂ ਆਪਣੀ ਪੁਲਸ ਪਾਰਟੀ ਨਾਲ ਪਿੰਡ ਕੁਲਾਰ ਨੇੜੇ ਪੁੱਜੇ ਤਾਂ ਇਕ ਸਰਦਾਰ ਵਿਅਕਤੀ ਜਿਸ ਨੇ ਹੱਥ ਵਿਚ ਪਲਾਸਟਿਕ ਦਾ ਗੱਟੂ ਚੁੱਕਿਆ ਹੋਇਆ ਸੀ ਤੇ ਉਹ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਘਬਰਾ ਗਿਆ ਅਤੇ ਜਦੋਂ ਉਸ ਨੂੰ ਰੋਕ ਕੇ ਉਸ ਵੱਲੋਂ ਚੁੱਕੇ ਹੋਏ ਗੱਟੂ ਨੂੰ ਖੋਲ੍ਹ ਕੇ ਦੇਖਿਆ ਤਾਂ ਗੱਟੂ ਵਿਚੋਂ 5 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਗੁਰਦੀਪ ਸਿੰਘ ਉਰਫ ਬਿੱਟੂ ਪੁੱਤਰ ਮੇਜਰ ਸਿੰਘ ਵਾਸੀ ਕੁਲਾਰ ਵਜੋਂ ਹੋਈ ਹੈ।  
 ਦੂਸਰੇ ਮਾਮਲੇ ਵਿਚ ਥਾਣਾ ਦਾਖਾ ਵਿਖੇ ਤਾਇਨਾਤ ਏ. ਐੱਸ. ਆਈ. ਗੁਰਦੀਪ ਸਿੰਘ ਗਸ਼ਤ ਦੌਰਾਨ ਜਦੋਂ ਆਪਣੀ ਪੁਲਸ ਪਾਰਟੀ ਨਾਲ ਪਿੰਡ ਮੁੱਲਾਂਪੁਰ ਨੂੰ ਜਾਂਦੇ ਕੱਚੇ ਰਸਤੇ 'ਤੇ ਬਣਦੇ ਟੀ-ਪੁਆਇੰਟ ਕੋਲ ਪੁੱਜੇ ਤਾਂ ਇਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਖੇਤ ਵੱਲ ਨੂੰ ਮੁੜ ਗਿਆ। ਜਦੋਂ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੇ ਹੱਥ ਵਿਚ ਫੜੇ ਪਲਾਸਟਿਕ ਦੇ ਗੱਟੂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸਾਢੇ ਚਾਰ ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਕੁਲਾਰ ਵਜੋਂ ਹੋਈ ਹੈ।  
ਇਸੇ ਤਰ੍ਹਾਂ ਥਾਣਾ ਦਾਖਾ ਅਧੀਨ ਪੈਂਦੀ ਚੌਕੀ ਚੌਕੀਮਾਨ ਦੀ ਪੁਲਸ ਨੇ ਗਸ਼ਤ ਦੌਰਾਨ ਲਿੰਕ ਸੜਕ ਪਿੰਡ ਗੁੜ੍ਹੇ ਵੱਲੋਂ ਆਉਂਦੀ ਕਾਲੇ ਰੰਗ ਦੀ ਸਵਿਫਟ ਕਾਰ ਦੇ ਚਾਲਕ ਨੂੰ ਕਾਬੂ ਕਰ ਕੇ ਉਸਦੀ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਫੜੇ ਗਏ ਕਥਿਤ ਦੋਸ਼ੀ ਗਗਨਦੀਪ ਸਿੰਘ ਉਰਫ ਜੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਬਹਿਲੋਪੁਰ ਥਾਣਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਖਿਲਾਫ ਥਾਣਾ ਦਾਖਾ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਸ਼ਾ ਮਾਫੀਆ ਖਿਲਾਫ ਸਖ਼ਤੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ।


Related News