ਘਰ ''ਚ ਦੱਬੇ ਪੁਰਾਤਨ ਸੋਨੇ ਦੇ ਸਿੱਕਿਆਂ ਨੂੰ ਲੱਭਣ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਲੋਕ ਗ੍ਰਿਫ਼ਤਾਰ
Saturday, Oct 09, 2021 - 03:28 PM (IST)
ਦੋਰਾਹਾ (ਵਿਨਾਇਕ) : ਘਰ ‘ਚ ਦੱਬੇ ਪੁਰਾਤਨ ਸੋਨੇ ਦੇ ਸਿੱਕਿਆਂ ਨੂੰ ਲੱਭਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਦੋਰਾਹਾ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕਾਬੂ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 128 ਜਾਅਲੀ ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਕਥਿਤ ਦੋਸ਼ੀਆਂ ਦੀ ਪਛਾਣ ਮਜਾਹਿਦ ਖਾਨ ਪੁੱਤਰ ਜਾਨ ਮੁਹੰਮਦ ਅਤੇ ਇੰਨਸ ਖਾਨ ਪੁੱਤਰ ਅਮਰੂ ਖਾਨ ਵਾਸੀ ਪਿੰਡ ਕਰੋਲੀ ਥਾਣਾ ਸਦਰ ਅਲਵਰ ਰਾਜਸਥਾਨ ਅਤੇ ਰਾਕੇਸ਼ ਕੁਾਮਰ ਪੁੱਤਰ ਹੰਦ ਰਾਜ ਵਾਸੀ ਪਿੰਡ ਇਛਾਕਾ ਥਾਣਾ ਕਿਸ਼ਨਗੜ੍ਹ, ਰਾਜਸਥਾਨ ਵੱਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਰਸ਼ਰਨਦੀਪ ਸਿੰਘ ਗਰੇਵਾਲ ਐਸ. ਐਸ. ਪੀ. ਖੰਨਾ ਦੀ ਹਦਾਇਤ ‘ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਏ. ਐਸ. ਆਈ ਹਰਦਮ ਸਿੰਘ ਨੇ ਇੱਕ ਜਾਅਲਸਾਜ਼ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਲੋਕ ਘਰਾਂ ‘ਚ ਪੁਰਾਤਨ ਸੋਨੇ ਦੇ ਸਿੱਕਿਆਂ ਨੂੰ ਦੱਬੇ ਹੋਣ ਅਤੇ ਉਨ੍ਹਾਂ ਨੂੰ ਲੱਭਣ ਦਾ ਬਹਾਨਾ ਬਣਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ 128 ਜਾਅਲੀ ਸੋਨੇ ਦੇ ਸਿੱਕੇ ਅਤੇ ਇੱਕ ਸਕਾਰਪਿਓ ਗੱਡੀ ਬਰਾਮਦ ਹੋਈ ਹੈ। ਦੋਸ਼ੀ ਪਿਛਲੇ ਲੰਮੇਂ ਸਮੇਂ ਤੋਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ‘ਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਅਤੇ ਹੁਣ ਤੱਕ ਅੱਧਾ ਦਰਜਨ ਦੇ ਕਰੀਬ ਵਾਰਦਾਤਾਂ ਕਰਨ ਦੀ ਗੱਲ ਇਨ੍ਹਾਂ ਵੱਲੋਂ ਕਬੂਲ ਕੀਤੀ ਗਈ ਹੈ। ਇਸ ਸਮੇਂ ਦੋਸ਼ੀਆਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।