ਪਾਤੜਾਂ ਬਜ਼ਾਰ ’ਚੋਂ ਖੋਹੀ ਵਰਨਾ ਕਾਰ ਸਮੇਤ 3 ਗ੍ਰਿਫ਼ਤਾਰ
Saturday, Apr 17, 2021 - 02:29 PM (IST)
ਪਟਿਆਲਾ (ਬਲਜਿੰਦਰ) : 2 ਮਹੀਨੇ ਪਹਿਲਾਂ ਪਾਤੜਾਂ ਬਜ਼ਾਰ ’ਚੋਂ ਖੋਹੀ ਗਈ ਕਾਰ ਨੂੰ ਪਟਿਆਲਾ ਪੁਲਸ ਦੇ ਕਾਊਂਟਰ ਟੈਰਰਿਜ਼ਮ ਵਿੰਗ ਦੀ ਪੁਲਸ ਨੇ ਐੱਸ. ਪੀ. ਡੀ. ਹਰਮੀਤ ਹੁੰਦਲ ਅਤੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਬਰਾਮਦ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਖੋਹ ’ਚ ਸ਼ਾਮਲ ਸੰਦੀਪ ਸਿੰਘ ਉਰਫ਼ ਸੋਨੀ ਪੁੱਤਰ ਤਾਰ ਸਿੰਘ ਵਾਸੀ ਪਿੰਡ ਦੰਦਰਾਲਾ ਖਰੋੜ, ਡਾਕਖਾਨਾ ਡਕੌਂਦਾ ਨਾਭਾ, ਗੁਰਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਬਾਰਨ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਦੰਦਰਾਲਾ ਖਰੋੜ, ਡਾਕਖਾਨਾ ਡਕੌਂਦਾ ਨਾਭਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸੇ ਸਾਲ 3 ਫਰਵਰੀ ਨੂੰ ਪਾਤੜਾਂ ਕਾਰ ਬਜ਼ਾਰ ’ਚੋਂ ਉਕਤ ਵਿਅਕਤੀ ਕਾਰ ਦੀ ਟਰਾਈ ਲੈਣ ਦੇ ਬਹਾਨੇ ਨੌਕਰ ਸਮੇਤ ਵਰਨਾ ਗੱਡੀ ਨੂੰ ਲੈ ਗਏ ਸਨ।
ਥੋੜੀ ਦੂਰੀ ’ਤੇ ਅੱਗੇ ਜਾ ਕੇ ਗੱਡੀ ਦਾ ਇੰਜਣ ਦੇਖਣ ਦੇ ਬਹਾਨੇ ਨੌਕਰ ਨੂੰ ਗੱਡੀ ਦਾ ਬੋਨਟ ਖੋਲ੍ਹਣ ਲਈ ਕਿਹਾ। ਜਦੋਂ ਨੌਕਰ ਬੋਨਟ ਖੋਲ੍ਹਣ ਲਈ ਗੱਡੀ ’ਚੋਂ ਉਤਰਿਆ ਤਾਂ ਉਸ ਨੂੰ ਧੱਕਾ ਦੇ ਕੇ ਗੱਡੀ ਖੋਹ ਕੇ ਤੇਜ਼ੀ ਨਾਲ ਭਜਾ ਕੇ ਲੈ ਗਏ ਸਨ। ਇਸ ਮਾਮਲੇ ’ਚ ਥਾਣਾ ਪਾਤੜਾਂ ਦੀ ਪੁਲਸ ਨੇ 379 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਫ਼ਰਾਰ ਵਿਅਕਤੀਆਂ ਦੀ ਭਾਲ ਕਰ ਰਹੀ ਸੀ ਤਾਂ ਐੱਸ. ਆਈ. ਲਖਵਿੰਦਰ ਸਿੰਘ ਅਤੇ ਏ. ਐੱਸ. ਆਈ. ਸੇਵਕ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਜੱਸੋਵਾਲ ਨਹਿਰ ਦੇ ਪੁੱਲ ’ਤੇ ਨਾਕਾਬੰਦੀ ਕਰ ਕੇ ਖੜ੍ਹੇ ਸਨ। ਇੱਥੇ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਵਰਨਾ ਕਾਰ ਖੋਹ ਕਰਨ ਵਾਲੇ ਸੰਦੀਪ ਸਿੰਘ ਉਰਫ਼ ਸੋਨੀ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਨੂੰ ਉਨ੍ਹਾਂ ਵੱਲੋਂ ਖੋਹੀ ਹੋਈ ਵਰਨਾ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ।
ਇਸ ਖੋਹ ’ਚ ਸ਼ਾਮਲ ਗੁਰਨਾਮ ਸਿੰਘ ਜੋ ਕਿ ਐਕਸਾਈਜ਼ ਐਕਟ ਤਹਿਤ ਪਟਿਆਲਾ ਜੇਲ੍ਹ ’ਚ ਬੰਦ ਹੈ, ਨੂੰ ਪਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਕੇਸ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਦੁੱਗਲ ਨੇ ਅੱਗੇ ਦੱਸਿਆ ਕਿ ਸੰਦੀਪ ਸਿੰਘ ਉਰਫ਼ ਸੋਨੀ ਅਤੇ ਗੁਰਨਾਮ ਸਿੰਘ ਚੰਡੀਗੜ੍ਹ ਅਤੇ ਹਰਿਆਣਾ ਤੋਂ ਸ਼ਰਾਬ ਲਿਆ ਕੇ ਪਟਿਆਲਾ ਅਤੇ ਨਾਭਾ ਦੇ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਵੇਚਦੇ ਆ ਰਹੇ ਸਨ। ਸੰਦੀਪ ਸਿੰਘ ਉਰਫ਼ ਸੋਨੀ ਉੱਪਰ ਐਕਸਾਈਜ਼ ਐਕਟ ਅਧੀਨ ਕਈ ਕੇਸ ਥਾਣਾ ਭਾਦਸੋਂ, ਥਾਣਾ ਅਨਾਜ ਮੰਡੀ ਪਟਿਆਲਾ, ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਗੁਰਨਾਮ ਸਿੰਘ ਉੱਪਰ ਵੀ ਐਕਸਾਈਜ਼ ਐਕਟ ਅਧੀਨ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਥਾਣਾ ਸਦਰ ਪਟਿਆਲਾ ਵਿਖੇ ਦਰਜ ਹਨ।
ਇਨ੍ਹਾਂ ਕੇਸਾਂ ’ਚ ਉਕਤ ਵਿਅਕਤੀਆਂ ਵੱਲੋਂ ਸ਼ਰਾਬ ਲਿਆਉਣ ਲਈ ਵਰਤੀ ਜਾਂਦੀਆਂ ਗੱਡੀਆਂ ’ਚੋਂ ਤਿੰਨ ਸ਼ੈਵਰਲੇ, ਆਪਟਰਾ ਮੈਗਨਾ ਗੱਡੀਆਂ, ਇਕ ਹੌਂਡਾ ਸਿਵੀਕ ਅਤੇ ਇਕ ਮਹਿੰਦਰਾ ਬੋਲੈਰੋ ਪਿਕਅੱਪ ਗੱਡੀ ਵੀ ਵੱਖ-ਵੱਖ ਐਕਸਾਈਜ਼ ਐਕਟ ਦੇ ਮੁਕੱਦਮਿਆਂ ਅਧੀਨ ਥਾਣਿਆਂ ’ਚ ਬੰਦ ਹਨ। ਮੁੱਢਲੀ ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਸੰਦੀਪ ਸਿੰਘ ਉਰਫ਼ ਸੋਨੀ, ਗੁਰਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਤਿੰਨੇ ਸ਼ਰਾਬ ਦੀ ਸਮੱਗਲਿੰਗ ਦਾ ਕੰਮ ਕਰਦੇ ਆ ਰਹੇ ਹਨ। ਸੰਦੀਪ ਸਿੰਘ ਗੁਰਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਲਈ ਵਰਨਾ ਕਾਰ ਦੀ ਖੋਹ ਕੀਤੀ ਸੀ।