ਮਾਛੀਵਾੜਾ ਸ਼ਹਿਰ ’ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ

08/05/2020 3:26:33 PM

ਮਾਛੀਵਾੜਾ ਸਾਹਿਬ (ਟੱਕਰ) : ਸਿਹਤ ਮਹਿਕਮੇ ਵਲੋਂ ਜਿਉਂ-ਜਿਉਂ ਕੋਰੋਨਾ ਮਹਾਮਾਰੀ ਦੀ ਜਾਂਚ ਲਈ ਟੈਸਟ ਵਧਾਏ ਜਾ ਰਹੇ ਹਨ, ਤਿਉਂ-ਤਿਉਂ ਕੋਰੋਨਾ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ। ਮਾਛੀਵਾੜਾ ਸ਼ਹਿਰ ’ਚ ਅੱਜ ਫਿਰ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ, ਜਿਸ ’ਚ ਇੱਕ ਸਥਾਨਕ ਇੰਦਰਾ ਕਾਲੋਨੀ ਦਾ ਪੁਰਸ਼ ਅਤੇ ਦੂਸਰਾ ਗੋਬਿੰਦ ਨਗਰ ਦੀ ਗਰਭਵਤੀ ਜਨਾਨੀ ਸ਼ਾਮਲ ਹੈ। ਸਿਹਤ ਮਹਿਕਮੇ ਦੀ ਟੀਮ ਵਲੋਂ ਇਨ੍ਹਾਂ ਦੋਹਾਂ ਹੀ ਮਰੀਜ਼ਾਂ ਨੂੰ ਲੁਧਿਆਣਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਾਂ ਨੂੰ ਇਕਾਂਤਵਾਸ ਕਰ ਉਨ੍ਹਾਂ ਦੇ ਟੈਸਟ ਲਏ ਜਾ ਰਹੇ ਹਨ। ਮਾਛੀਵਾੜਾ ਇਲਾਕੇ ’ਚ ਹੁਣ ਤੱਕ ਕੋਰੋਨਾ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਕਈ ਸਿਹਤਯਾਬ ਹੋ ਕੇ ਘਰ ਪਰਤ ਆਏ ਹਨ। 
ਹੜਤਾਲ ’ਚ ਸ਼ਾਮਲ ਰਿਹਾ ਕਾਮਾ ਵੀ ਪਾਜ਼ੇਟਿਵ
ਕੋਰੋਨਾ ਮਹਾਮਾਰੀ ਦੌਰਾਨ ਸਿਹਤ ਮਹਿਕਮੇ ਦੇ ਸਰਕਾਰੀ ਡਾਕਟਰ ਅਤੇ ਹੋਰ ਕਰਮਚਾਰੀ ਲੋਕਾਂ ਨੂੰ ਬਚਾਉਣ ਅਤੇ ਪੀੜਤ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਡਟੇ ਹੋਏ ਹਨ, ਉਥੇ ਇਹ ਕਰਮਚਾਰੀ ਇਸ ਮੁਸ਼ਕਿਲ ਘੜੀ ’ਚ ਆਪਣੀਆਂ ਹੱਕੀ ਮੰਗਾਂ ਲਈ ਵੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਾਛੀਵਾੜਾ ਵਿਖੇ ਅੱਜ ਸਿਹਤ ਤੇ ਇੰਪਲਾਈਜ਼ ਸੰਘਰਸ਼ ਕਮੇਟੀ ਵਲੋਂ ਦੋ ਘੰਟੇ ਦੀ ਹੜਤਾਲ ਕਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਧਰਨੇ ’ਚ ਸ਼ਾਮਲ ਸਰਕਾਰੀ ਕਰਮਚਾਰੀ ਕੁੱਝ ਘੰਟੇ ਬਾਅਦ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਕਾਰਨ ਸਿਹਤ ਮਹਿਕਮੇ ’ਚ ਹਫੜਾ-ਦਫੜੀ ਮਚ ਗਈ।

ਉਕਤ ਹੜਤਾਲ ਦੌਰਾਨ ਸਿਹਤ ਮਹਿਕਮੇ ਦੇ ਕੰਟਰੈਕਟ, ਆਊਟ ਸੋਰਸ ਅਤੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਨੂੰ ਪੱਕਾ ਕਰਨ, ਨਵ-ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪਰਖਕਾਲ ਦੋ ਸਾਲ ਕਰਨ, ਕੋਵਿਡ-19 ਦੌਰਾਨ ਫਰੰਟ ਲਾਈਨ ’ਤੇ ਕੰਮ ਕਰਦੇ ਸਿਹਤ ਕਾਮਿਆਂ ਨੂੰ ਆਰਥਿਕਤਾ ਲਾਭ ਦੇਣ ਦੀ ਮੰਗ ਕੀਤੀ। ਸਮੂਹ ਮਲਟੀਪਰਪਸ ਕੇਡਰ ਅਤੇ ਹੋਰ ਜੱਥੇਬੰਦੀਆਂ ਵੱਲੋਂ ਮੰਗਾਂ ਨਾ ਮੰਨਣ ਦੀ ਸੂਰਤ ’ਚ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਮਹਾਂਮਾਰੀ ਦੌਰਾਨ ਸਿਹਤ ਕਾਮਿਆਂ ਦੀ ਮਾਨਸਿਕ, ਸਰੀਰਿਕ ਅਤੇ ਆਰਥਿਕ ਸੋਸ਼ਣ ਕਰ ਰਹੀ ਹੈ ਜੋ ਸਿਹਤ ਕਰਮਚਾਰੀ ਕਦੇ ਵੀ ਨਹੀਂ ਹੋਣ ਦੇਣਗੇ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ ਸਮੂਹ ਸਿਵਲ ਸਰਜਨ ਦਫ਼ਤਰਾਂ ਅੱਗੇ ਸਿਹਤ ਕਾਮਿਆਂ ਦੀ ਭੁੱਖ-ਹੜਤਾਲ ਲਗਾਤਾਰ ਜਾਰੀ ਹੈ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਜਰਨੈਲ ਸਿੰਘ, ਕਿਰਨ ਬਾਲਾ, ਨਰਿੰਦਰ ਕੌਰ ਆਦਿ ਵੀ ਮੌਜੂਦ ਸਨ।
 


Babita

Content Editor

Related News