ਕੋਰੋਨਾ ਦੇ 3 ਹੋਰ ਸ਼ੱਕੀ ਮਰੀਜ਼ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ

Sunday, Mar 08, 2020 - 09:58 PM (IST)

ਕੋਰੋਨਾ ਦੇ 3 ਹੋਰ ਸ਼ੱਕੀ ਮਰੀਜ਼ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ

ਅੰਮ੍ਰਿਤਸਰ (ਸੁਮਿਤ ਖੰਨਾ)-ਕੋਰੋਨਾ ਵਾਈਰਸ ਦੇ ਜਿਹੜੇ 4 ਸ਼ੱਕੀ ਮਰੀਜ਼ ਪਹਿਲਾਂ ਤੋਂ ਗੁਰੂ ਨਾਨਕ ਹਸਪਤਾਲ ਵਿਚ ਦਾਖਲ ਹਨ, ਦੀ ਹਾਲਤ ਫਿਲਹਾਲ ਸਥਿਰ ਹੈ। ਉਨਾਂ ਦੇ ਪੂਨਾ ਲੈਬੋਰੋਟਰੀ ਤੋਂ ਟੈਸਟਾਂ ਦੀ ਰਿਪੋਰਟ ਵੀ ਅਜੇ ਤੱਕ ਨਹੀਂ ਮਿਲੀ। ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਅੱਜ ਤਿੰਨ ਹੋਰ ਸ਼ੱਕੀ ਮਰੀਜ਼ ਹਸਪਤਾਲ ਵਿਚ ਦਾਖਲ ਹੋਏ ਹਨ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।

ਡਾ. ਜੌਹਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮਰੀਜ਼ ਦੀ ਸ਼ਨਾਖਤ, ਜਿਸ ਵਿਚ ਉਸਦਾ ਨਾਮ, ਪਿੰਡ, ਸ਼ਹਿਰ, ਉਮਰ, ਨਾਗਰਿਕਤਾ ਆਦਿ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਕੋਰੋਨਾ ਦੇ ਮਾਰੂ ਪ੍ਰਭਾਵ ਤੋਂ ਜ਼ਿਲਾ ਵਾਸੀਆਂ ਨੂੰ ਬਚਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੋਣ ਕਾਰਨ ਲਗਾਤਾਰ ਰੁਝੇਵੇਂ ਵਿਚ ਹੈ, ਸੋ ਉਹ ਕੋਰੋਨਾ ਸਬੰਧੀ ਅਪਡੇਟ ਲਈ ਫੋਨ 'ਤੇ ਸੰਪਰਕ ਨਾ ਕਰਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਨੂੰ ਇਸ ਸਬੰਧੀ ਬੁਲੇਟਨ ਜਾਰੀ ਕੀਤਾ ਜਾਵੇਗਾ ਅਤੇ ਇਸ ਪ੍ਰੈਸ ਨੋਟ ਰਾਹੀਂ ਹੀ ਕੋਰੋਨਾ ਬਾਰੇ ਮੀਡੀਆ ਨਾਲ ਰੋਜ਼ਾਨਾ ਸੰਪਰਕ ਰੱਖੇਗਾ।

ਉਨ੍ਹਾਂ ਮੀਡੀਆ ਕਰਮੀ, ਜਿਨ੍ਹਾਂ ਵਿਚ ਫੋਟੋਗ੍ਰਾਫਰ ਤੇ ਕੈਮਰਾਮੈਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ, ਨੂੰ ਵੀ ਅਪੀਲ ਕੀਤੀ ਕਿ ਸਾਰੇ ਮਰੀਜ਼ਾਂ ਨੂੰ ਆਮ ਲੋਕਾਂ ਨਾਲੋਂ ਦੂਰ ਰੱਖਿਆ ਜਾ ਰਿਹਾ ਹੈ ਤਾਂ ਜੋ ਵਾਇਰਸ ਅੱਗੇ ਨਾ ਫੈਲੇ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀ ਮਰੀਜ਼ਾਂ ਦੀ ਨਿਜਤਾ ਨੂੰ ਧਿਆਨ ਵਿਚ ਰੱਖਣ ਤੋਂ ਇਲਾਵਾ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੀ ਫੋਟੋ ਆਦਿ ਲੈਣ ਲਈ ਅੱਗੇ ਨਾ ਜਾਣ ਤਾਂ ਜੋ ਉਹ ਵਾਇਰਸ ਦੇ ਪ੍ਰਭਾਵ ਤੋਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਸਗੋਂ ਇਸ ਤੋਂ ਬਚਣ 'ਚ ਹੀ ਬਚਾਅ ਹੈ, ਸੋ ਮੀਡੀਆ ਕਰਮੀ ਇਸ ਗੱਲ ਨੂੰ ਸਮਝਦੇ ਹੋਏ ਨਾ ਕੇਵਲ ਆਪਣਾ ਬਚਾਅ ਕਰਨ, ਸਗੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਿਚ ਸਾਡੀ ਮਦਦ ਕਰਨ।


author

Sunny Mehra

Content Editor

Related News