ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇਲਾਕੇ ’ਚ ਸਹਿਮ ਦਾ ਮਾਹੌਲ

Friday, Oct 22, 2021 - 10:53 PM (IST)

ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇਲਾਕੇ ’ਚ ਸਹਿਮ ਦਾ ਮਾਹੌਲ

ਲੌਂਗੋਵਾਲ (ਵਸ਼ਿਸ਼ਟ,ਵਿਜੇ) : ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ, ਇਸ ਬਜ਼ੁਰਗ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਕਿ ਅਗਲੇ ਦਿਨ ਹੀ ਉਸਦਾ 26 ਸਾਲਾ ਪੋਤਰਾ ਗੁਰਵਿੰਦਰ ਸਿੰਘ ਡੇਂਗੂ ਕਾਰਨ ਚੱਲ ਵਸਿਆ। ਡੇਂਗੂ ਦੀ ਬਿਮਾਰੀ ਨੇ ਇਸ ਹੱਸਦੇ-ਵੱਸਦੇ ਅਤੇ ਮਿਹਨਤੀ ਪਰਿਵਾਰ ਨੂੰ ਅਜਿਹਾ ਝਟਕਾ ਦਿੱਤਾ ਕਿ ਪ੍ਰੇਮ ਸਿੰਘ ਦੇ ਭੋਗ ਤੋਂ ਪਹਿਲਾਂ ਅੱਜ 22 ਅਕਤੂਬਰ ਨੂੰ ਉਸ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ ਹੈ। ਡੇਂਗੂ ਦਾ ਕਹਿਰ ਇੱਥੇ ਵੀ ਨਹੀਂ ਰੁਕਿਆ ਇਸ ਪਰਿਵਾਰ ਦੇ ਬਾਕੀ ਮੈਂਬਰਾਂ ਸਮੇਤ ਦੁੱਲਟ ਪੱਤੀ ਇਲਾਕੇ ਦੇ ਦਰਜਨਾਂ ਮਰੀਜ਼ ਹੋਰ ਵੀ ਡੇਂਗੂ ਤੋਂ ਪੀੜਤ ਦੱਸੇ ਜਾ ਰਹੇ ਹਨ। ਲੌਂਗੋਵਾਲ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਦੁੱਲਟ ਪੱਤੀ, ਜੈਦ ਪੱਤੀ, ਵੱਡਾ ਵਿਹੜਾ, ਰੰਧਾਵਾ ਪੱਤੀ ਸਮੇਤ ਲੌਂਗੋਵਾਲ ਦਾ ਜ਼ਿਆਦਾਤਰ ਇਲਾਕਾ ਡੇਂਗੂ ਦੇ ਪ੍ਰਭਾਵ ਹੇਠ ਹੈ। 

ਇਹ ਵੀ ਪੜ੍ਹੋ : ਵਿਧਾਇਕ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ ਦਾ ਯੂ-ਟਰਨ, ਵਾਪਸ ਲਈ ਦਰਖ਼ਾਸਤ

PunjabKesari

ਐੱਸ. ਡੀ. ਐੱਮ. ਅਤੇ ਐੱਸ. ਐੱਮ. ਓ. ਨੇ ਲਿਆ ਜਾਇਜ਼ਾ  
ਐੱਸ. ਡੀ. ਐੱਮ. ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਅਤੇ ਐੱਸ. ਐੱਮ. ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਪ੍ਰਭਾਵਿਤ ਪਰਿਵਾਰ ਨੂੰ ਮਿਲ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ  ਜਦੋਂ ਐੱਸ. ਐੱਮ. ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ਾਂ ’ਚੋਂ ਕੋਈ ਵੀ ਜਾਂਚ ਕਰਵਾਉਣ ਲਈ ਭਾਵੇਂ ਸਰਕਾਰੀ ਹਸਪਤਾਲ ਵਿੱਚ ਨਹੀਂ ਆਇਆ ਪਰ ਉਹ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਸਬੰਧੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਅੱਜ 26 ਸੈਂਪਲ ਲਏ ਗਏ ਹਨ ਹਨ ਅਤੇ ਕੱਲ ਪ੍ਰਭਾਵਿਤ ਖੇਤਰਾਂ ’ਚੋਂ ਡੇਂਗੂ ਦੇ ਹੋਰ ਮਰੀਜ਼ਾਂ ਦੇ ਸੈਂਪਲ ਵੀ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਲਾਈਟ ’ਚੋਂ ਕੁਝ ਮਾਮਲੇ ਸਾਹਮਣੇ ਆਏ ਸਨ ਜੋ ਕਿ ਪੂਰੀ ਤਰ੍ਹਾਂ ਰਿਕਵਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਗਮਲਿਆਂ, ਕੂਲਰਾਂ ਅਤੇ ਹੋਰਨਾਂ ਥਾਵਾਂ ’ਤੇ ਪਾਣੀ ਜਮ੍ਹਾਂ ਨਾ ਹੋਣ ਦੇਣ। ਡੇਂਗੂ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਹਸਪਤਾਲ ’ਚ ਜਾਂਚ ਕਰਵਾਉਣ। ਐੱਸ. ਐੱਮ. ਓ. ਨੇ ਕਿਹਾ ਕਿ ਤੇਜ਼ ਬੁਖਾਰ ਅਸਹਿਣਯੋਗ ਦਰਦ, ਸਰੀਰ ’ਤੇ ਧੱਫੜ  ਅਤੇ ਉਲਟੀਆਂ ਆਦਿ ਲੱਗਣ ’ਤੇ ਤੁਰੰਤ ਜਾਂਚ ਕਰਵਾਈ ਜਾਵੇ। 
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਰੀਤੂ ਗੋਇਲ ਅਤੇ ਉਨ੍ਹਾਂ ਦੇ ਪਤੀ ਵਿਜੇ ਕੁਮਾਰ ਗੋਇਲ ਨੇ ਕਿਹਾ ਕਿ  ਕਿਹਾ ਕਿ ਕਸਬੇ ਵਿੱਚ ਸਫ਼ਾਈ ਦੇ ਪ੍ਰਬੰਧ ਪਹਿਲਾਂ ਹੀ ਪੁਖ਼ਤਾ ਕੀਤੇ ਜਾ ਰਹੇ ਹਨ ਅਤੇ ਫੌਗਿੰਗ ਵੀ ਕਈ ਇਲਾਕਿਆਂ ਵਿਚ ਕੀਤੀ ਗਈ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਵੀ ਫੌਗਿੰਗ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਫੈਸਲਾ : 50 ਹਜ਼ਾਰ ਪਰਿਵਾਰਾਂ ਵੱਲ ਖੜ੍ਹੇ ਪਾਣੀ ਦੇ ਬਿੱਲਾਂ ਦੇ 50 ਕਰੋੜ ਰੁਪਏ ਕੀਤੇ ਮੁਆਫ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News